Posted inKhanna ਮਾਪਿਆਂ ਦੇ ਸਪੁਰਦ ਕੀਤਾ ਅਗ਼ਵਾ ਹੋਇਆ ਬੱਚਾ, ਅਗਵਾਕਾਰਾਂ ਨੇ ਮੰਗੀ ਸੀ 35 ਲੱਖ ਰੁਪਏ ਦੀ ਫਿਰੌਤੀ Posted by overwhelmpharma@yahoo.co.in Mar 14, 2025 ਮਲੌਦ, 14 ਮਾਰਚ (ਰਵਿੰਦਰ ਸ਼ਰਮਾ) : ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਮਲੌਦ ਅਧੀਨ ਪੈਦੇ ਪਿੰਡ ਸੀਹਾਂ ਦੌਦ ਵਿਖੇ 13 ਮਾਰਚ ਦੀ ਸ਼ਾਮ ਅਗਵਾ ਹੋਏ 7 ਸਾਲਾ ਭਵਕੀਰਤ ਸਿੰਘ ਨੂੰ ਪੁਲਿਸ ਦੀ ਮੁਸਤੈਦੀ ਸਦਕਾ 24 ਘੰਟੇ ਦੇ ਅੰਦਰ-ਅੰਦਰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਪੁਲਿਸ ਮੁਕਾਬਲੇ ’ਚ ਇਕ ਅਗ਼ਵਾਕਾਰ ਦੀ ਮੌਤ ਹੋ ਗਈ ਤੇ ਦੂਸਰਾ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਦੇਰ ਸ਼ਾਮ ਪਿੰਡ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ, ਐੱਸਐੱਸਪੀ ਖੰਨਾ ਡਾ. ਜਯੋਤੀ ਯਾਦਵ ਬੈਂਸ, ਐੱਸਡੀਐੱਮ ਪਾਇਲ ਪ੍ਰਦੀਪ ਬੈਂਸ, ਡੀਐੱਸਪੀ ਦੀਪਕ ਰਾਏ, ਥਾਣਾ ਮੁਖੀ ਸਤਨਾਮ ਸਿੰਘ ਦੀ ਹਾਜ਼ਰੀ ’ਚ ਭਵਕੀਰਤ ਸਿੰਘ ਨੂੰ ਮਾਪਿਆਂ ਹਵਾਲੇ ਕੀਤਾ ਗਿਆ। ਪਰਿਵਾਰ ਅਨੁਸਾਰ ਅਗਵਾਕਾਰਾਂ ਦੁਆਰਾ ਪਰਿਵਾਰ ਤੋਂ 35 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ ਸੀ। ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਇਸ ਕੇਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਮੋਨੀਟਰ ਕਰ ਰਹੇ ਸਨ ਤੇ ਖੰਨਾ ਪੁਲਿਸ, ਮਾਲੇਰਕੋਟਲਾ ਪੁਲਿਸ ਤੇ ਪਟਿਆਲਾ ਪੁਲਿਸ ਨੇ ਮਿਲ ਕੇ ਆਪਰੇਸ਼ਨ ਚਲਾ ਕੇ 24 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ। ਸਰਕਾਰ ਤੇ ਪੁਲਿਸ ਨੇ ਇਸ ਕਾਰਵਾਈ ਨਾਲ ਪੂਰੇ ਪੰਜਾਬ ਅੰਦਰ ਅਪਰਾਧੀਆਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ ਕਿ ਪੰਜਾਬ ਅੰਦਰ ਅਪਰਾਧੀ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਇਸ ਆਪਰੇਸ਼ਨ ’ਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਬੱਚੇ ਦੇ ਦਾਦੇ ਆੜ੍ਹਤੀ ਗੁਰਜੰਟ ਸਿੰਘ ਨੇ ਦੱਸਿਆ ਅਗ਼ਵਾਕਾਰਾਂ ਨੇ ਅੱਜ ਸਵੇਰੇ 35 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਪੁਲਿਸ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਤੇ ਉਨ੍ਹਾਂ ਬੱਚੇ ਨਾਲ ਵੀ ਗੱਲ ਕਰਵਾਈ। ਉਨ੍ਹਾਂ ਜਿੱਥੇ ਪੰਜਾਬ ਸਰਕਾਰ, ਪੰਜਾਬ ਪੁਲਿਸ, ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ, ਉਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਬੱਚੇ ਦੇ ਅਗਵਾ ਹੋਣ ’ਤੇ ਪੂਰੇ ਇਲਾਕੇ ’ਚ ਸਹਿਮ ਸੀ ਤੇ ਹਰ ਕੋਈ ਬੱਚੇ ਦੀ ਸਲਾਮਤੀ ਦੀ ਦੁਆ ਕਰ ਰਿਹਾ ਸੀ ਤੇ ਬੱਚੇ ਦੇ ਬਰਾਮਦ ਹੋਣ ’ਤੇ ਸਭ ਨੇ ਸੁੱਖ ਦਾ ਸਾਹ ਲਿਆ ਤੇ ਪੰਜਾਬ ਪੁਲਿਸ ਦੀ ਮਿਸਾਲੀ ਕਾਰਵਾਈ ਦੀ ਸ਼ਲਾਘਾ ਕੀਤੀ। Post navigation Previous Post ਰੰਜਿਸ਼ ਤਹਿਤ ਹੋਲੀ ਵਾਲੇ ਦਿਨ ਗੋਲ਼ੀ ਮਾਰ ਕੇ ਨੌਜਵਾਨ ਦਾ ਕਤਲNext Postਨਾਕਾਬੰਦੀ ਦੌਰਾਨ ਵਾਪਰਿਆ ਹਾਦਸਾ, ਗੱਡੀ ਦੇ ਕਾਗ਼ਜ਼ ਚੈੱਕ ਕਰਵਾ ਰਹੇ ਕਾਰ ਚਾਲਕ ਤੇ 2 ਮੁਲਾਜ਼ਮਾਂ ਦੀ ਦਰਦਨਾਕ ਮੌਤ