Posted inSangrur ਗੰਜਾਪਨ ਦੂਰ ਕਰਨ ਲਈ ਕੈਂਪ ’ਚੋਂ ਲਗਵਾਇਆ ਤੇਲ, 20 ਲੋਕਾਂ ਦੀਆਂ ਅੱਖਾਂ ਹੋਈਆਂ ਖ਼ਰਾਬ Posted by overwhelmpharma@yahoo.co.in March 17, 2025No Comments – ਕੈਂਪ ਲਈ ਪ੍ਰਸ਼ਾਸਨ ਤੋਂ ਨਹੀਂ ਲਈ ਮਨਜ਼ੂਰੀ – ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈਂਪ ਪ੍ਰਬੰਧਕਾਂ ਵਿਰੁੱਧ ਕਾਰਵਾਈ ਹੋਵੇਗੀ : ਐੱਸ.ਡੀ.ਐੱਮ. ਸੰਗਰੂਰ, 17 ਮਾਰਚ (ਰਵਿੰਦਰ ਸ਼ਰਮਾ) : ਸੰਗਰੂਰ ਦੇ ਕਾਲੀ ਮਾਤਾ ਮੰਦਰ ’ਚ ਲਗਾਏ ਕੈਂਪ ਦੌਰਾਨ ਸਿਰ ’ਤੇ ਵਾਲ ਉਗਾਉਣ ਲਈ ਪੁੱਜੇ ਵੱਡੀ ਗਿਣਤੀ ਲੋਕਾਂ ਵਲੋਂ ਤੇਲ ਲਗਵਾਇਆ ਗਿਆ, ਜਿਸ ਤੋਂ ਅੱਧੇ ਘੰਟੇ ਬਾਅਦ ਹੀ 20 ਲੋਕਾਂ ਦੀਆਂ ਅੱਖਾਂ ’ਚ ਇਨਫ਼ੈਕਸ਼ਨ ਫ਼ੈਲ ਗਈ ਤੇ ਦਰਦ ਹੋਣ ਲੱਗਾ। ਜਿਸ ਤੋਂ ਬਾਅਦ ਲੋਕ ਤੁਰੰਤ ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ’ਚ ਪੁੱਜਣੇ ਸ਼ੁਰੂ ਹੋ ਗਏ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੰਗਰੂਰ ’ਚ ਇੱਕ ਸੰਸਥਾ ਵੱਲੋਂ ਗੰਜੇਪਨ ਦੂਰ ਕਰਨ ਲਈ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਸੰਗਰੂਰ ਦੇ ਨਾਲ-ਨਾਲ ਬਰਨਾਲਾ ਤੇ ਮਾਨਸਾ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਲੋਕ ਪਹੁੰਚੇ ਸਨ। ਪਰ ਕੈਂਪ ’ਚ ਲੋਕਾਂ ਦੇ ਸਿਰ ’ਤੇ ਅਜਿਹਾ ਤੇਲ ਲਗਾਇਆ ਗਿਆ, ਜਿਸ ਨਾਲ ਲੋਕਾਂ ਦੀਆਂ ਅੱਖਾਂ ਸੁੱਜ ਗਈਆਂ, ਲਾਲ ਹੋ ਗਈਆਂ ਤੇ ਕਾਫ਼ੀ ਦਰਦ ਹੋਣ ਲੱਗਿਆ। ਦਰਦ ਤੋਂ ਪੀੜਤ ਹੋ ਕੇ ਲੋਕ ਐਮਰਜੈਂਸੀ ਵਾਰਡ ਵਿੱਚ ਪਹੁੰਚਣ ਲੱਗੇ ਤੇ ਉਨ੍ਹਾਂ ਦੀ ਗਿਣਤੀ ਵਧਣ ਲੱਗੀ। ਐਮਰਜੈਂਸੀ ਵਾਰਡ ’ਚ ਡਾਕਟਰ ਅਨੁਸਾਰ ਕੁੱਲ 20 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ ਨੂੰ ਕਿਸੇ ਅੱਖਾਂ ਦੇ ਮਾਹਰ ਡਾਕਟਰ ਨੂੰ ਦਿਖਾਉਣ ਦੀ ਸਲਾਹ ਦਿੱਤੀ ਗਈ ਹੈ। ਐਮਰਜੈਂਸੀ ਇਲਾਜ ਲਈ ਆਏ ਬ੍ਰਿਜ ਮੋਹਨ, ਸੰਜੇ, ਪਿੰਕੀ, ਆਲੋਕ, ਸੰਜੀਵ ਕੁਮਾਰ, ਜਸਵੀਰ ਸਿੰਘ, ਪ੍ਰਦੀਪ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਪੂਲ ਕੁਮਾਰ, ਬਿੱਟੂ, ਰਾਜ ਅਤੇ ਰਾਜੂ ਨੇ ਕਿਹਾ ਕਿ ਉਹ ਸਿਰ ’ਤੇ ਵਾਲ ਵਾਪਸ ਆਉਣ ਦੀ ਉਮੀਦ ਨਾਲ ਕੈਂਪ ਵਿੱਚ ਗਏ ਸਨ, ਜਿੱਥੇ ਉਨ੍ਹਾਂ ਨੇ ਆਪਣੇ ਸਿਰ ’ਤੇ ਤੇਲ ਲਗਵਾਇਆ ਤੇ ਕੈਂਪ ਪ੍ਰਬੰਧਕਾਂ ਦੇ ਕਹਿਣ ਅਨੁਸਾਰ ਘਰ ਜਾ ਕੇ 10-15 ਮਿੰਟ ਬਾਅਦ ਸਿਰ ਧੋ ਲਿਆ ਤਾਂ ਅਚਾਨਕ ਉਨ੍ਹਾਂ ਦੀਆਂ ਅੱਖਾਂ ਲਾਲ ਹੋ ਗਈਆਂ ਅਤੇ ਤੇਜ਼ ਦਰਦ ਸ਼ੁਰੂ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਆਉਣਾ ਪਿਆ। ਐਮਰਜੈਂਸੀ ਵਿੱਚ ਤੈਨਾਤ ਡਾ. ਗਿਤਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 25 ਤੋਂ 30 ਮਰੀਜ਼ ਆ ਚੁੱਕੇ ਹਨ, ਜਿਨ੍ਹਾਂ ਨੇ ਅੱਖਾਂ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਲੋਕ ਨਾ ਸੋਚਣ, ਸਿਰਫ਼ ਅੱਖਾਂ ਵਿੱਚ ਛਿੱਟੇ ਮਾਰਨ ਨਾਲ ਅੱਖਾਂ ਠੀਕ ਹੋ ਜਾਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਹਸਪਤਾਲ ਆ ਕੇ ਆਈ ਡ੍ਰੌਪ ਲੈਣ ਤੇ ਉਚਿਤ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸ ਸਬੰਧ ’ਚ ਐੱਸ.ਡੀ.ਐੱਮ. ਚਰਨਜੀਤ ਸਿੰਘ ਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਇਸ ਕੈਂਪ ਨੂੰ ਲਗਾਉਣ ਸਬੰਧੀ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੈਂਪ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। Post navigation Previous Post ਸਾਵਧਾਨ : ਮੋਹਾਲੀ ਵਿਖੇ ਸਿਰਫ਼ ਇੱਕ ਹਫ਼ਤੇ ’ਚ ਕੱਟੇ ਗਏ ਡੇਢ ਕਰੋੜ ਦੇ ਚਾਲਾਨNext Postਮਾਮਲਾ ਕਰਨਲ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਦਾ : 12 ਪੁਲਿਸ ਮੁਲਾਜ਼ਮ ਸਸਪੈਂਡ