
ਚੰਡੀਗੜ੍ਹ, 17 ਮਾਰਚ (ਰਵਿੰਦਰ ਸ਼ਰਮਾ) : ਜੇਕਰ ਤੁਸੀਂ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ, ਤਾਂ ਸਮਝ ਲਓ ਕਿ ਤੁਹਾਡੀ ਜੇਬ ਹਲਕੀ ਹੋਣ ਵਾਲੀ ਹੈ। ਇਸ ਲਈ ਜੇਬ ਹਲਕੀ ਕਰਵਾਉਣ ਤੋਂ ਪਹਿਲਾਂ ਹੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਸ਼ੁਰੂ ਕਰ ਦਿਓ। ਰੈੱਡ ਲਾਈਟ ਜੰਪ ਕਰਨਾ, ਸੀਟ ਬੈਲਟ ਨਾ ਲਗਾਉਣਾ, ਹੈਲਮੇਟ ਨਾ ਪਹਿਨਣਾ ਜਿਹੀਆਂ ਆਦਤਾਂ ਤੁਹਾਨੂੰ ਛੱਡਣੀਆਂ ਪੈਣਗੀਆਂ। ਮੋਹਾਲੀ ’ਚ ਲੋਕਾਂ ਨੇ ਇੰਨ੍ਹਾਂ ਆਦਤਾਂ ਨੂੰ ਨਹੀਂ ਛੱਡਿਆ ਤੇ ਟ੍ਰੈਫਿਕ ਪੁਲਿਸ ਨੇ ਇੱਕ ਹਫ਼ਤੇ ’ਚ ਹੀ ਡੇਢ ਕਰੋੜ ਦੇ ਚਾਲਾਨ ਕੱਟ ਦਿੱਤੇ। ਹੈਲਮੇਟ ਨਾ ਪਹਿਨਣ ਵਾਲੀਆਂ ਔਰਤਾਂ ਦੇ ਚਾਲਾਨ ਵੀ ਕੱਟੇ ਗਏ ਹਨ।
ਮੋਹਾਲੀ ਸ਼ਹਿਰ ਵਿੱਚ ਸਰਕਾਰ ਨੇ ਚੰਡੀਗੜ੍ਹ ਵਾਂਗ ਸੜਕ ਹਾਦਸਿਆਂ ’ਤੇ ਬ੍ਰੇਕ ਲਗਾਉਣ ਅਤੇ ਅਪਰਾਧੀਆਂ ਨਾਲ ਨਜਿੱਠਣ ਲਈ ਸਿਟੀ ਸਰਵਿਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਸ਼ੁਰੂ ਕੀਤਾ ਹੈ। ਇਸੇ ਤਹਿਤ ਇੱਕ ਹਫ਼ਤੇ ’ਚ 13 ਹਜ਼ਾਰ ਚਾਲਾਨ ਕੱਟੇ ਗਏ ਹਨ, ਜਿਨ੍ਹਾਂ ਦੀ ਕੀਮਤ ਡੇਢ ਕਰੋੜ ਦੇ ਕਰੀਬ ਬਣਦੀ ਹੈ। ਇਹ ਗੱਲ ਧਿਆਨ ਯੋਗ ਹੈ ਕਿ ਹਾਲ ਹੀ ’ਚ ਮੋਹਾਲੀ ’ਚ ਸਿਟੀ ਸਰਵਿਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਪਹਿਲੇ ਗੇੜ ਦਾ ਉਦਘਾਟਨ ਸੈਕਟਰ 79 ਸਥਿਤ ਸੋਹਾਣਾ ਪੁਲਿਸ ਸਟੇਸ਼ਨ ’ਚ ਕੀਤਾ ਗਿਆ ਸੀ। ਮੋਹਾਲੀ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ’ਚ ਵੀ ਇਹ ਯੋਜਨਾ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ।