Posted inਪਟਿਆਲਾ ਮਾਮਲਾ ਕਰਨਲ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਦਾ : 12 ਪੁਲਿਸ ਮੁਲਾਜ਼ਮ ਸਸਪੈਂਡ Posted by overwhelmpharma@yahoo.co.in Mar 17, 2025 ਪਟਿਆਲਾ, 17 ਮਾਰਚ (ਰਵਿੰਦਰ ਸ਼ਰਮਾ) : ਪਟਿਆਲਾ ਵਿਖੇ ਪਾਰਕਿੰਗ ਦੇ ਵਿਵਾਦ ਦੌਰਾਨ ਫੌਜ ਦੇ ਕਰਨਲ ਤੇ ਉਸ ਦੇ ਪੁੱਤਰ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਪੁਲਿਸ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ਇਸ ਘਟਨਾ ’ਚ ਸ਼ਾਮਲ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਨਾਨਕ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਇਹ ਜਾਂਚ 45 ਦਿਨਾਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਫੌਜ ਦੇ ਅਧਿਕਾਰੀ ਨਾਲ ਇਸ ਘਟਨਾ ਲਈ ਮਾਫ਼ੀ ਮੰਗਦੇ ਹਾਂ। ਅਸੀਂ ਫੌਜ ਦਾ ਪੂਰਾ ਸਤਿਕਾਰ ਕਰਦੇ ਹਾਂ। ਪੀੜ੍ਹਤ ਪਰਿਵਾਰ ਨੇ ਘਟਨਾ ਦਾ ਪੂਰਾ ਵੀਡੀਓ ਤੇ ਸ਼ਿਕਾਇਤ ਪੁਲਿਸ ਨੂੰ ਸੌਂਪੀ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਸ਼ੁਰੂ ’ਚ ਕਾਰਵਾਈ ਕਰਨ ਤੋਂ ਬਚ ਰਹੀ ਸੀ। ਕਰਨਲ ਦੀ ਪਤਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੇ ਪਤੀ ਪੁਸ਼ਪਿੰਦਰ ਸਿੰਘ ਬਾਠ ਤੇ ਪੁੱਤਰ ਅੰਗਦ ਸਿੰਘ ਨੂੰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹਰੀ ਬੋਪਾਰਾਏ ਤੇ ਇੰਸਪੈਕਟਰ ਰੌਨੀ ਸਿੰਘ ਸਮੇਤ ਕਰੀਬ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ, ਬੇਸਬਾਲ, ਬੈਟ ਤੇ ਤਿੱਖੇ ਧਾਰਦਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ। ਇਹ ਘਟਨਾ ਪਟਿਆਲਾ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ ਦੇ ਕੋਲ ਵਾਪਰੀ। ਇਸ ਦੌਰਾਨ ਉਨ੍ਹਾਂ ਦੇ ਪਤੀ ਨੂੰ ਗੰਭੀਰ ਚੋਟਾਂ ਆਈਆਂ ਤੇ ਉਨ੍ਹਾਂ ਦਾ ਖੱਬਾ ਹੱਥ ਟੁੱਟ ਗਿਆ। ਪੁੱਤਰ ਅੰਗਦ ਸਿੰਘ ਦੇ ਸਿਰ ’ਤੇ ਡੂੰਘਾ ਜ਼ਖਮ ਆਇਆ, ਜਿਸ ਕਾਰਨ ਦੋਵਾਂ ਨੂੰ 14 ਮਾਰਚ ਨੂੰ ਦੁਪਹਿਰ 2 ਵਜੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ਦੀ ਫੁਟੇਜ ’ਚ ਪੂਰੀ ਘਟਨਾ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੀ ਹੈ, ਪਰ ਇਸ ਦੇ ਬਾਵਜੂਦ ਪਤੀ ਤੇ ਪੁੱਤਰ ਦਾ ਬਿਆਨ ਕਾਫੀ ਦੇਰ ਨਾਲ ਦਰਜ ਕੀਤਾ ਗਿਆ। ਹੁਣ ਤੱਕ ਸੰਬੰਧਿਤ ਪੁਲਿਸ ਸਟੇਸ਼ਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਪੀੜ੍ਹਤਾਂ ਦਾ ਇਲਜ਼ਾਮ ਹੈ ਕਿ ਉਹ ਲਗਾਤਾਰ ਸਿਵਲ ਲਾਇਨਜ਼, ਪਟਿਆਲਾ ਪੁਲਿਸ ਸਟੇਸ਼ਨ ਦੇ ਚੱਕਰ ਲਗਾ ਰਹੀ ਹੈ, ਪਰ ਅਜੇ ਤੱਕ ਐੱਫ਼.ਆਈ.ਆਰ. ਵੀ ਦਰਜ ਨਹੀਂ ਕੀਤੀ ਗਈ। Post navigation Previous Post ਗੰਜਾਪਨ ਦੂਰ ਕਰਨ ਲਈ ਕੈਂਪ ’ਚੋਂ ਲਗਵਾਇਆ ਤੇਲ, 20 ਲੋਕਾਂ ਦੀਆਂ ਅੱਖਾਂ ਹੋਈਆਂ ਖ਼ਰਾਬNext Postਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ