ਲੁਧਿਆਣਾ, 23 ਮਾਰਚ (ਰਵਿੰਦਰ ਸ਼ਰਮਾ) : ਲੁਧਿਆਣਾ ਵਿੱਚ ਆਬਕਾਰੀ ਵਿਭਾਗ ਦੇ ਪੂਰਬੀ ਰੇਂਜ ਦੇ ਅਧਿਕਾਰੀਆਂ ਨੇ ਨਾਜਾਇਜ਼ ਸ਼ਰਾਬ ਦੇ ਇੱਕ ਵੱਡੇ ਭੰਡਾਰ ਦਾ ਪਰਦਾਫਾਸ਼ ਕੀਤਾ। ਆਬਕਾਰੀ ਵਿਭਾਗ ਦੀ ਟੀਮ ਨੇ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਇੱਕ ਔਰਤ ਨੂੰ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਭਰ ਕੇ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ। ਇਹ ਛਾਪੇਮਾਰੀ ਲੁਧਿਆਣਾ ਪੂਰਬੀ ਰੇਂਜ ਦੇ ਸਹਾਇਕ ਆਬਕਾਰੀ ਕਮਿਸ਼ਨਰ ਡਾ. ਸ਼ਿਵਾਨੀ ਗੁਪਤਾ, ਆਬਕਾਰੀ ਅਧਿਕਾਰੀਆਂ ਅਮਿਤ ਗੋਇਲ ਅਤੇ ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਕੀਤੀ ਗਈ।
ਆਬਕਾਰੀ ਇੰਸਪੈਕਟਰਾਂ ਤੇ ਪੁਲਿਸ ਨੂੰ ਮਿਲੀ ਸੀ ਜਾਣਕਾਰੀ
ਇੱਕ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਹੋਇਆਂ ਆਬਕਾਰੀ ਇੰਸਪੈਕਟਰਾਂ ਅਤੇ ਪੁਲਿਸ ਨੇ ਜਸਪਾਲ ਬਾਂਗੜ, ਲੋਹਾਰਾ, ਕੰਗਣਵਾਲ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਅਤੇ ਸ਼ਿਵਸ ਰੀਗਲ, ਗਲੇਨਲਿਵੇਟ, ਦੇਵਰ, ਜਿਮ ਬੀਮ, 100 ਪਾਈਪਰਜ਼ ਅਤੇ ਜੌਨੀ ਵਾਕਰ ਬਲੈਕ ਲੇਬਲ ਆਦਿ ਵਰਗੇ ਪ੍ਰੀਮੀਅਮ ਬ੍ਰਾਂਡਾਂ ਦੀਆਂ ਵੱਡੀ ਗਿਣਤੀ ਵਿੱਚ ਖਾਲੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ।

