Posted inਬਰਨਾਲਾ ਯੁੱਧ ਨਸ਼ਿਆਂ ਵਿਰੁੱਧ: ਨਸ਼ੇ ਛੱਡ ਸਿਹਤਯਾਬ ਜੀਵਨਸ਼ੈਲੀ ਆਪਣਾ ਕੇ ਪ੍ਰੇਰਨਾਸ੍ਰੋਤ ਬਣਿਆ ਮਨਪ੍ਰੀਤ Posted by overwhelmpharma@yahoo.co.in Mar 25, 2025 – ਡਿਪਟੀ ਕਮਿਸ਼ਨਰ ਬਰਨਾਲਾ ਨੇ ਕੀਤੀ ਸ਼ਲਾਘਾ ; ਹੋਰਨਾਂ ਨੂੰ ਵੀ ਨਸ਼ਿਆਂ ਵਿਰੁੱਧ ਜਾਗਰੂਕ ਕਰੇਗਾ ਮਨਪ੍ਰੀਤ – ਮਨਪ੍ਰੀਤ ਜਿਹੇ ਨੌਜਵਾਨਾਂ ਦੇ ਸਹਿਯੋਗ ਨਾਲ ਯੁੱਧ ਨਸ਼ਿਆਂ ਵਿਰੁੱਧ ਨੂੰ ਲੋਕ ਲਹਿਰ ਬਣਾਇਆ ਜਾਵੇਗਾ: ਟੀ ਬੈਨਿਥ ਬਰਨਾਲਾ, 25 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਦਾ ਵਾਸੀ ਮਨਪ੍ਰੀਤ ਸਿੰਘ ਨਸ਼ਿਆਂ ਨੂੰ ਛੱਡ ਕੇ ਸਿਹਤਯਾਬ ਜੀਵਨਸ਼ੈਲੀ ਆਪਣਾ ਕੇ ਹੋਰਨਾਂ ਲਈ ਪ੍ਰੇਰਨਾ ਬਣਿਆ ਹੈ। ਮਨਪ੍ਰੀਤ ਸਿੰਘ (ਉਮਰ 36 ਸਾਲ) ਰਜਿੰਦਰਪੁਰਾ ਕੋਠੇ, ਧਨੌਲਾ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰ ਵਿੱਚ ਮਾਤਾ, ਓਸਦੀ ਪਤਨੀ ਅਤੇ ਬੇਟਾ ਹੈ। ਮਨਪ੍ਰੀਤ ਨੇ ਦੱਸਿਆ ਕਿ ਉਹ ਛੋਟੀ ਉਮਰ ਵਿੱਚ ਗਲਤ ਸੰਗਤ ਵਿੱਚ ਪੈਣ ਕਰਕੇ ਸਿੰਥੈਟਿਕ ਨਸ਼ਿਆਂ ‘ਚ ਪੈ ਗਿਆ ਸੀ ਤੇ ਇਹ ਭੈੜੀ ਆਦਤ ਦਿਨੋਂ-ਦਿਨ ਵਧਦੀ ਗਈ। ਹਾਲਾਤ ਇਹ ਬਣ ਗਏ ਕਿ ਉਹ ਪੂਰਾ ਦਿਨ ਨਸ਼ੇ ‘ਚ ਗ੍ਰਸਿਆ ਰਹਿੰਦਾ ਸੀ ਅਤੇ ਘਰੋਂ ਨਸ਼ੇ ਲਈ ਪੈਸੇ ਨਾ ਮਿਲਣ ‘ਤੇ ਉਸ ਨੇ ਖੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਉਹ ਆਪ ਵੀ ਨਸ਼ਿਆਂ ਦੀ ਦਲਦਲ ‘ਚੋਂ ਨਿਕਲਣਾ ਚਾਹੁੰਦਾ ਸੀ, ਕਿਉੰਕਿ ਉਹ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਤੇ ਆਖ਼ਰ ਉਸਨੇ ਕਰੀਬ 15 ਸਾਲ ਬਾਅਦ ਇਸ ਤੋਂ ਛੁਟਕਾਰਾ ਪਾਉਣ ਦੀ ਧਾਰ ਲਈ। ਉਸ ਨੇ ਸਾਲ 2023 ਵਿੱਚ ਨਸ਼ੇ ਪੂਰੀ ਤਰ੍ਹਾਂ ਛੱਡਣ ਦਾ ਮਨ ਬਣਾ ਲਿਆ ਅਤੇ ਅੰਮ੍ਰਿਤ ਛਕ ਲਿਆ। ਓਸਨੇ ਕਰੀਬ 2 ਸਾਲ ਤੋਂ ਸਿਹਤਯਾਬ ਜੀਵਨਸ਼ੈਲੀ ਅਪਣਾਈ ਹੋਈ ਹੈ ਅਤੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਮਨਪ੍ਰੀਤ ਨੇ ਨਸ਼ਿਆਂ ਵਿੱਚ ਗ੍ਰਸੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕਰਕੇ ਨਸ਼ੇ ਛੱਡਣ ਦਾ ਪ੍ਰਣ ਲਿਆ ਜਾਵੇ ਤਾਂ ਨਸ਼ੇ ਛੱਡੇ ਜਾ ਸਕਦੇ ਹਨ। ਨਸ਼ੇ ਜਿੱਥੇ ਖੁਦ ਦੀ ਸਿਹਤ ਨੂੰ ਖਰਾਬ ਕਰਦੇ ਹਨ, ਓਥੇ ਪਰਿਵਾਰ ਨੂੰ ਵੀ ਨਰਕ ਵੱਲ ਧੱਕ ਦਿੰਦੇ ਹਨ। ਓਸਨੇ ਅਪੀਲ ਕੀਤੀ ਕਿ ਨੌਜਵਾਨ ਕਸਰਤ, ਖੇਡਾਂ, ਸਮਾਜ ਸੇਵਾ ਨਾਲ ਜੁੜਨ ਅਤੇ ਆਪਣੇ, ਆਪਣੇ ਪਰਿਵਾਰ ਤੇ ਸਮਾਜ ਨੂੰ ਤਰੱਕੀ ਵੱਲ ਲੈ ਕੇ ਜਾਣ। ਸੈਰ ਅਤੇ ਚੰਗੀ ਖੁਰਾਕ ਹੈ ਜ਼ਿੰਦਗੀ ਦਾ ਹਿੱਸਾ ਮਨਪ੍ਰੀਤ ਨੇ ਦੱਸਿਆ ਕਿ ਹੁਣ ਉਹ ਰੋਜ਼ਾਨਾ ਸਵੇਰੇ ਸੈਰ ਕਰਦਾ ਹੈ। ਕਸਰਤ ਕਰਦਾ ਹੈ ਤੇ ਚੰਗੀ ਖ਼ੁਰਾਕ ਉਸਦੀ ਜ਼ਿੰਦਗੀ ਦਾ ਹਿੱਸਾ ਹੈ। ਮਨਪ੍ਰੀਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਕਰੀਬ 12 ਏਕੜ ਵਿੱਚ ਖੇਤੀ ਕਰਦਾ ਹੈ ਅਤੇ ਬਾਗਬਾਨੀ ਵੀ ਕਰਦਾ ਹੈ। ਉਸ ਨੇ ਕਿਹਾ ਕਿ ਸਾਕਾਰਾਤਮਕ ਜ਼ਿੰਦਗੀ ਜਿਊਣ ਲਈ ਕੁਦਰਤ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਓਸਨੇ ਦੱਸਿਆ ਕਿ ਓਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਸ – ਪਾਸ ਦੇ ਇਲਾਕੇ ਵਿਚ ਵੱਡੀ ਗਿਣਤੀ ਪੌਦੇ ਵੀ ਲਗਾਏ ਹਨ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜਿਆ ਹੋਇਆ ਹੈ। ਮਨਪ੍ਰੀਤ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਮਨਪ੍ਰੀਤ ਹੋਰਨਾਂ ਨੌਜਵਾਨਾਂ ਲਈ ਮਿਸਾਲ ਹੈ ਜੋ ਨਸ਼ਿਆਂ ਨੂੰ ਨਾਂਹ ਕਹਿ ਕੇ ਸਿਹਤਮੰਦ ਜੀਵਨਸ਼ੈਲੀ ਵੱਲ ਪਰਤਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅਜਿਹੇ ਨੌਜਵਾਨਾਂ ਨੂੰ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਅਜਿਹੇ ਨੌਜਵਾਨ ਜਾਗਰੂਕਤਾ ਸਮਾਗਮਾਂ ਦਾ ਹਿੱਸਾ ਬਣ ਕੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਮੁਹਿੰਮ ਨੂੰ ਲੋਕ ਲਹਿਰ ਬਣ ਕੇ ਸਾਰਥਕ ਨਤੀਜੇ ਹਾਸਲ ਕੀਤੇ ਜਾ ਸਕਣ। Post navigation Previous Post ਹੁਣ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 2 ਨਸ਼ਾ ਤਸਕਰਾਂ ਦੇ ਘਰਾਂ ‘ਤੇ ਚੱਲਿਆ ‘ਪੀਲਾ ਪੰਜਾ’Next Postਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ; ਘੱਟ ਦਰਾਂ ’ਤੇ 56 ਲੱਖ ਦਾ ਦਿੱਤਾ ਕਰਜ਼ਾ: ਡਿਪਟੀ ਕਮਿਸ਼ਨਰ