ਪਟਿਆਲਾ, 1 ਅਪ੍ਰੈਲ (ਰਵਿੰਦਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਅਧੀਨ ਆਉਂਦੀ ਬਾਦਸ਼ਾਹਪੁਰ ਪੁਲਿਸ ਚੌਕੀ ’ਤੇ ਧਮਾਕੇ ਨਾਲ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਤੇ ਐਸਐਸਪੀ ਮੌਕੇ ’ਤੇ ਪਹੁੰਚੇ। ਇਹ ਪਹਿਲਾ ਹਮਲਾ ਹੈ, ਜੋ ਪੰਜਾਬ ਦੇ ਮਾਲਵਾ ਇਲਾਕੇ ’ਚ ਹੋਇਆ ਹੈ। ਇਸ ਤੋਂ ਪਹਿਲਾਂ ਸਾਰੇ ਹਮਲੇ ਮਾਝਾ ਖੇਤਰ ’ਚ ਹੋਏ ਸਨ। ਪੰਜਾਬ ਦੇ ਕਈ ਸ਼ਹਿਰਾਂ ਦੇ ਪੁਲਿਸ ਥਾਣਿਆਂ ’ਤੇ ਧਮਾਕੇ ਹੋ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਚੌਂਕੀ ਦੀ ਕੰਧ ਕੋਲ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਗ੍ਰੇਨੇਡ ਹਮਲਾ ਸੀ ਜਾਂ ਕੁਝ ਹੋਰ। ਫਿਲਹਾਲ ਪੁਲਿਸ ਮਾਮਲੇ ਵਿੱਚ ਆਤੰਕੀ ਐਂਗਲ ਤੋਂ ਜਾਂਚ ਕਰ ਰਹੀ ਹੈ, ਕਿਉਂਕਿ ਇਸ ਤਰ੍ਹਾਂ ਦੇ ਹਮਲੇ ਪਹਿਲਾਂ ਵੀ ਪੰਜਾਬ ਦੇ ਕਈ ਪੁਲਿਸ ਥਾਣਿਆਂ ਤੇ ਚੌਕੀਆਂ ’ਤੇ ਹੋ ਚੁੱਕੇ ਹਨ। ਇਹ ਧਮਾਕਾ ਬਾਦਸ਼ਾਹਪੁਰ ਪੁਲਿਸ ਚੌਕੀ ਦੇ ਦਫ਼ਤਰ ਵਿੱਚ ਹੋਇਆ। ਧਮਾਕੇ ਨਾਲ ਆਸ-ਪਾਸ ਦੇ ਘਰਾਂ ਵਿੱਚ ਰਹਿੰਦੇ ਲੋਕ ਡਰ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੁਲਿਸ ਚੌਕੀ ਦੇ ਨਾਲ ਬਣੇ ਕੋਆਪਰੇਟਿਵ ਸੁਸਾਇਟੀ ਦੇ ਦਫਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਜਾਂਚ ਵਿੱਚ ਜੁੱਟ ਗਏ ਹਨ।
– ਦੇਰ ਰਾਤ ਹੋਇਆ ਧਮਾਕਾ, ਕੀਤੀ ਜਾ ਰਹੀ ਹੈ ਜਾਂਚ : ਐਸਐਸਪੀ ਨਾਨਕ ਸਿੰਘ
ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਇਹ ਧਮਾਕਾ ਦੇਰ ਰਾਤ ਹੋਇਆ ਸੀ, ਜਿਸ ਦੇ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ ਸੀ। ਪਟਿਆਲਾ ਪੁਲਿਸ ਦੀਆਂ ਜਾਂਚ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਸਨ। ਦੇਰ ਰਾਤ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਇਕੱਠੇ ਹੋ ਗਏ ਸਨ। ਆਸ-ਪਾਸ ਦੇ ਏਰੀਆ ਨੂੰ ਛਾਣ ਮਾਰਿਆ ਗਿਆ ਹੈ, ਪਰ ਕੁਝ ਹੱਥ ਨਹੀਂ ਲੱਗਾ। ਆਸ-ਪਾਸ ਦੇ ਲੋਕਾਂ ਦੇ ਅਨੁਸਾਰ, ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਇਹ ਆਵਾਜ਼ ਅੱਧਾ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।
ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਕ੍ਰਾਈਮ ਸੀਨ ‘ਤੇ ਜਾਂਚ ਕਰਨ ’ਤੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਫਿਲਹਾਲ ਅਸੀਂ ਆਪਣੇ ਪੱਧਰ ‘ਤੇ ਜਾਂਚ ਕਰ ਰਹੇ ਹਾਂ, ਤਾਂ ਜੋ ਪਤਾ ਲੱਗ ਸਕੇ ਕਿ ਇਸ ਜਗ੍ਹਾ ‘ਤੇ ਅਸਲ ਵਿੱਚ ਕੀ ਹੋਇਆ ਹੈ। ਉਨ੍ਹਾਂ ਨੇ ਗ੍ਰੇਨੇਡ ਹਮਲੇ ਸਮੇਤ ਕਿਸੇ ਵੀ ਆਤੰਕੀ ਹਮਲੇ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਅਸੀਂ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ।


