Posted inਬਰਨਾਲਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਅਧਿਆਪਕਾਂ ਦੀ ਸ਼ਾਨ ਖਿਲਾਫ ਵਰਤੀ ਨੀਵੇਂ ਪੱਧਰ ਦੀ ਸਬਦਾਵਲੀ ਖ਼ਿਲਾਫ਼ ਜਤਾਇਆ ਰੋਹ Posted by overwhelmpharma@yahoo.co.in Apr 8, 2025 – ਮੰਤਰੀ ਜੋੜਾਮਾਜਰਾ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਮੁੱਖ ਮੰਤਰੀ ਮਾਨ : ਗੌਰਮਿੰਟ ਟੀਚਰਜ਼ ਯੂਨੀਅਨ ਬਰਨਾਲਾ, 8 ਅਪ੍ਰੈਲ (ਰਵਿੰਦਰ ਸ਼ਰਮਾ) :ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਇਕਾਈ ਦੀ ਜਰੂਰੀ ਮੀਟਿੰਗ ਚਿੰਟੂ ਪਾਰਕ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਟਿਆਲਾ ਜਿਲ੍ਹੇ ਦੇ ਸਮਾਣਾ ਸਕੂਲ ਵਿੱਚ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਅਧਿਆਪਕਾਂ ਦੀ ਸ਼ਾਨ ਖਿਲਾਫ ਵਰਤੀ ਨੀਵੇਂ ਪੱਧਰ ਦੀ ਸਬਦਾਵਲੀ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ , ਆਗੂ ਕਰਮਜੀਤ ਸਿੰਘ ਭੋਤਨਾ, ਅਮਰੀਕ ਸਿੰਘ ਭੱਦਲਵੱਡ, ਏਕਮਪ੍ਰੀਤ ਸਿੰਘ ਭੋਤਨਾ ਤੇ ਜਗਤਾਰ ਸਿੰਘ ਪੱਤੀ ਨੇ ਕਿਹਾ ਕਿ ਇਸ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨੇ ਟੱਪਦੇ ਹੋਏ ਅਧਿਆਪਕਾਂ ਨੂੰ ਕਣਕ ਦੀ ਵਢਾਈ ਦੇ ਸੀਜਨ ਵਿੱਚ ਸਕੂਲਾਂ ਵਿੱਚ ਮਾਪਿਆਂ ਦੇ ਵੱਡੇ ਇਕੱਠ ਕਰਨ ਦੇ ਨਾਦਰਸ਼ਾਹੀ ਹੁਕਮ ਚਾੜ ਕੇ ਅਧਿਆਪਕਾਂ ਨੂੰ ਵੀ ਆਪਣੀ ਸੌੜੀ ਰਾਜਨੀਤੀ ਵਿੱਚ ਘੜੀਸਣ ਦਾ ਕੋਝਾ ਯਤਨ ਕੀਤਾ ਹੈ। ਸਮਾਣਾ ਸਕੂਲ਼ ਵਿੱਚ ਵੀ ਘੱਟ ਇਕੱਠ ਦੇਖ ਕੇ ਮੰਤਰੀ ਨੇ ਆਪੇ ਤੋਂ ਬਾਹਰ ਹੋ ਕੇ ਅਧਿਆਪਕਾਂ ਵਿਰੁੱਧ ਘਟੀਆ ਸਬਦਵਲੀ ਵਰਤ ਕੇ ਆਪਣੀ ਅਕਲ ਦਾ ਜਨਾਜਾ ਕੱਢਿਆ ਹੈ। ਟਿੰਗ ਵਿੱਚ ਆਗੂਆਂ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਦੀਵਾਰਾਂ ਤੇ ਰੰਗਾਂ ਦੀ ਕੂਚੀ ਫੇਰਨ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਬਲਕਿ ਅਧਿਆਪਕਾਂ ਦੀ ਘਾਟ ਪੂਰਾ ਕਰਕੇ ਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਵਰਦੀਆਂ , ਕਿਤਾਬਾਂ ਜਾਰੀ ਕਰਕੇ ਹੀ ਸਿੱਖਿਆ ਚ ਸੁਧਾਰ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨਵਾਂ ਸ਼ੈਸਨ ਸੁਰੂ ਹੋਏ ਨੂੰ ਇੰਨੇ ਦਿਨ ਲੰਘਣ ਦੇ ਬਾਵਜੂਦ ਵੀ ਅਜੇ ਤੱਕ ਸਕੂਲ਼ਾਂ ਵਿੱਚ ਕਿਤਾਬਾਂ ਨਹੀਂ ਪਹੁੰਚਾਈਆਂ ਗਈਆਂ। ਫੋਕੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲਿਆਂ ਦੇ ਪਾਜ ਉਧੇੜਦੇ ਹੋਏ ਆਗੂਆਂ ਨੇ ਕਿਹਾ ਕਿ ਬਰਨਾਲਾ ਤੇ ਸੰਗਰੂਰ ਜੋ ਕਿ ਮੁੱਖ ਮੰਤਰੀ ਦੇ ਹਲਕੇ ਹਨ , ਵਿੱਚ 70 ਪ੍ਰਤੀਸ਼ਤ ਤੋਂ ਵੱਧ ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਹਨ ਤੇ ਦੂਜੇ ਪਾਸੇ ਇਹਨਾਂ ਦੇ ਭੂਸਰੇ ਹੋਏ ਮੰਤਰੀ ਫੋਕੀਆਂ ਫੜ੍ਹਾਂ ਮਾਰ ਕੇ ਤੁਰਦੇ ਬਣਦੇ ਹਨ। ਜਥੇਬੰਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਆਪਣੇ ਪਿਤਾ ਜੋ ਕਿ ਖੁਦ ਇੱਕ ਅਧਿਆਪਕ ਰਹੇ ਹਨ, ਦੇ ਆਹੁਦੇ ਦੀ ਲਾਜ ਰੱਖਦੇ ਹੋਏ ਇਸ ਮੰਤਰੀ ’ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਕੁਮਾਰ , ਰਾਕੇਸ ਕੁਮਾਰ, ਹਰਜਿੰਦਰ ਸਿੰਘ ਠੀਕਰੀਵਾਲਾ, ਚਮਕੌਰ ਸਿੰਘ ਭੋਤਨਾ, ਜਗਦੀਪ ਸਿੰਘ ਭੱਦਲਵੱਡ , ਰਾਜਵਿੰਦਰ ਸਿੰਘ ,ਸਤਨਾਮ ਸਿੰਘ ਭੋਤਨਾ, ਹੇਮੰਤ ਕੁਮਾਰ,ਸੁਰਿੰਦਰ ਕੁਮਾਰ ਆਦਿ ਹਾਜਰ ਸਨ। Post navigation Previous Post ਵਿਦਿਆਰਥੀਆਂ ਦੀਆਂ ਸਕੂਲੀ ਵਰਦੀਆਂ ਸਬੰਧੀ ਅਧਿਆਪਕਾਂ ਦੀਆਂ ਮੰਗਾਂ ਨੂੰ ਪਿਆ ਬੂਰNext Postਬਰਨਾਲਾ ’ਚ ਸ਼ਰੇਆਮ ਚਿੱਟਾ ਵਿਕਣ ਦਾ ਨਸ਼ਾ ਛੁਡਾਊ ਕਮੇਟੀ ਨੇ ਕੀਤਾ ਖ਼ੁਲਾਸਾ!