Posted inਬਰਨਾਲਾ ਹੁਣ ਬਰਨਾਲੇ ਦੇ ਇਸ ਪਿੰਡ ’ਚ ਸ਼ਰਾਬ ਦੇ ਠੇਕੇ ਖ਼ਿਲਾਫ਼ ਉੱਠੀ ਆਵਾਜ਼, ਪਿੰਡ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ Posted by overwhelmpharma@yahoo.co.in Apr 13, 2025 ਮਹਿਲ ਕਲਾਂ\ਬਰਨਾਲਾ, 13 ਅਪ੍ਰੈਲ (ਰਵਿੰਦਰ ਸ਼ਰਮਾ) : ਲੋਕਾਂ ’ਚ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਲਗਾਤਾਰ ਵੱਧ ਰਿਹਾ ਹੈ। ਬੀਤੇ ਦਿਨੀਂ ਜਿੱਥੇ ਸਬ ਡਵੀਜ਼ਨ ਤਪਾ ਮੰਡੀ ਵਿਖੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਵਲੋਂ ਰੋਸ ਜ਼ਾਹਰ ਕੀਤਾ ਗਿਆ ਸੀ, ਉੱਥੇ ਹੀ ਹੁਣ ਜ਼ਿਲ੍ਹਾ ਬਰਨਾਲਾ ਦੇ ਪਿੰਡ ਲੋਹਗੜ੍ਹ ਵਿੱਚ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕ ਰੋਸ ਦੀ ਚਿੰਗਾਰੀ ਵੱਡੇ ਸੰਘਰਸ਼ ’ਚ ਬਦਲਦੀ ਜਾ ਰਹੀ ਹੈ। ਰਿਹਾਇਸ਼ੀ ਇਲਾਕੇ ’ਚ ਚੱਲ ਰਹੇ ਠੇਕੇ ਦੇ ਖਿਲਾਫ਼ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਰਕਾਰੀ ਵਿਭਾਗਾਂ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਪਿੰਡ ਵਾਸੀਆਂ ਨੇ ਠੇਕੇ ਅੱਗੇ ਇੱਕੱਠ ਹੋ ਕੇ ਨਾਅਰੇਬਾਜ਼ੀ ਕਰਦਿਆਂ ਸਾਫ਼ ਕੀਤਾ ਕਿ ਜਦ ਤੱਕ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਤਬਦੀਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜ਼ਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਠੇਕਾ ਪਿੰਡ ਦੀ ਅਤਿ ਸੰਘਣੀ ਆਬਾਦੀ ਵਿੱਚ ਸਥਿਤ ਹੈ, ਜਿੱਥੋਂ ਰੋਜ਼ਾਨਾ ਸਕੂਲੀ ਬੱਚੇ, ਔਰਤਾਂ ਅਤੇ ਬਜ਼ੁਰਗ ਲੰਘਦੇ ਹਨ। ਇਹ ਸਿਰਫ਼ ਨੈਤਿਕਤਾ ਹੀ ਨਹੀਂ, ਸੁਰੱਖਿਆ ਦਾ ਮਾਮਲਾ ਵੀ ਹੈ।ਸਕੂਲੀ ਬੱਚਿਆਂ, ਔਰਤਾਂ ਨੂੰ ਹਰ ਰੋਜ਼ ਠੇਕੇ ਕੋਲੋਂ ਲੰਘਦੇ ਹੋਏ ਅਣਚਾਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਸਰਪੰਚ ਹਰਜਿੰਦਰ ਕੌਰ ਨੇ ਕਿਹਾ ਇਹ ਸਿਰਫ਼ ਇੱਕ ਠੇਕੇ ਦਾ ਮਾਮਲਾ ਨਹੀਂ, ਪੂਰੇ ਸਮਾਜਿਕ ਤੰਤਰ ਦੀ ਸੁਰੱਖਿਆ ਅਤੇ ਨੈਤਿਕਤਾ ਨਾਲ ਜੁੜੀ ਹੋਈ ਗੱਲ ਹੈ। ਇਸ ਮੌਕੇ ਪੰਚ ਬੇਅੰਤ ਸਿੰਘ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਅਪੀਲ ਕੀਤੀ ਗਈ ਸੀ ਕਿ ਨਵੇਂ ਠੇਕੇ ਦੀ ਨਿਲਾਮੀ ਦੌਰਾਨ ਪੁਰਾਣੀ ਥਾਂ ’ਤੇ ਠੇਕਾ ਨਾ ਦਿੱਤਾ ਜਾਵੇ। ਪਰ ਸਰਕਾਰ ਤੇ ਵਿਭਾਗ ਵੱਲੋਂ ਸਬਕ ਨਾ ਸਿੱਖਣ ਦੇ ਚਿੰਨ੍ਹ ਮਿਲ ਰਹੇ ਹਨ। ਇਹ ਲੋਕਤੰਤਰ ਹੈ, ਪਰ ਜਦ ਲੋਕਾਂ ਦੀ ਸੁਣਵਾਈ ਨਾ ਹੋਵੇ ਤਾਂ ਧਰਨਾ ਹੀ ਆਖ਼ਰੀ ਹਥਿਆਰ ਬਣ ਜਾਂਦਾ ਹੈ। ਉਧਰ ਦੂਜੇ ਪਾਸੇ ਐਕਸਾਈਜ਼ ਵਿਭਾਗ ਦੇ ਜ਼ਿਲ੍ਹਾ ਅਫਸਰ ਨਵਜੋਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਮਹਿਕਮਾ ਪਿੰਡ ਵਾਸੀਆਂ ਅਤੇ ਪੰਚਾਇਤ ਨਾਲ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇ ਦੀ ਨਵੀਂ ਥਾਂ ਲੱਭਣ ਲਈ ਸਾਂਝੇ ਤੌਰ ’ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਹੀ ਢੁਕਵੀਂ ਜਗ੍ਹਾ ਮਿਲਦੀ ਹੈ, ਠੇਕਾ ਤੁਰੰਤ ਸ਼ਿਫਟ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੱਕ ਠੇਕਾ ਹਟੇਗਾ ਨਹੀਂ, ਤਦ ਤੱਕ ਅਸੀਂ ਰੁਕਾਂਗੇ ਨਹੀਂ। Post navigation Previous Post ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਵਾਵੇ ਸਰਕਾਰ – ਸੀਰਾ ਛੀਨੀਵਾਲNext Postਪ੍ਰਤਾਵ ਬਾਜਵਾ ਦੇ 50 ਬੰਬ ਵਾਲੇ ਬਿਆਨ ’ਤੇ ਭਖੀ ਸਿਆਸਤ : ਸਰੋਤ ਜਾਣਨ ਲਈ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਪਹੁੰਚੀ ਪੁਲਿਸ