Posted inਚੰਡੀਗੜ੍ਹ ਪ੍ਰਤਾਵ ਬਾਜਵਾ ਦੇ 50 ਬੰਬ ਵਾਲੇ ਬਿਆਨ ’ਤੇ ਭਖੀ ਸਿਆਸਤ : ਸਰੋਤ ਜਾਣਨ ਲਈ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਪਹੁੰਚੀ ਪੁਲਿਸ Posted by overwhelmpharma@yahoo.co.in Apr 13, 2025 ਚੰਡੀਗੜ੍ਹ, 13 ਅਪ੍ਰੈਲ (ਰਵਿੰਦਰ ਸ਼ਰਮਾ) : ਵਿਰੋਧੀ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਬਿਆਨ ‘ਚ ਕਿਹਾ ਸੀ ਕਿ ਪੰਜਾਬ ‘ਚ 50 ਬੰਬ ਆਏ ਹਨ, ਜਿਨ੍ਹਾਂ ਵਿੱਚੋਂ 18 ਚੱਲ ਚੁੱਕੇ ਹਨ ਤੇ 32 ਹੋਰ ਚੱਲਣੇ ਬਾਕੀ ਹਨ। ਬਾਜਵਾ ਦੀ ਇਸ ਜਾਣਕਾਰੀ ਦਾ ਸੂਤਰ ਜਾਣਨ ਲਈ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਉਨ੍ਹਾਂ ਦੇ ਸੈਕਟਰ 8 ਸਥਿਤ ਰਿਹਾਇਸ਼ ’ਤੇ ਪੁੱਜੀ। ਇਸ ਟੀਮ ਦੀ ਅਗਵਾਈ ਨਵਜੋਤ ਗਰੇਵਾਲ ਕਰ ਰਹੇ ਸਨ। ਸੂਤਰਾਂ ਮੁਤਾਬਕ, ਕਾਊਂਟਰ ਇੰਟੈਲੀਜੈਂਸ ਬਾਜਵਾ ਤੋਂ ਉਨ੍ਹਾਂ ਦੀ ਜਾਣਕਾਰੀ ਦਾ ਆਧਾਰ ਜਾਣਨਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ‘ਚ 18 ਥਾਵਾਂ ‘ਤੇ ਬੰਬ ਧਮਾਕੇ ਹੋ ਚੁੱਕੇ ਹਨ। ਹਾਲ ਹੀ ‘ਚ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਧਮਾਕਾ ਹੋਇਆ ਸੀ। ਇਸ ਤੋਂ ਪਹਿਲਾਂ ਜ਼ਿਆਦਾਤਰ ਬੰਬ ਧਮਾਕੇ ਪੁਲਿਸ ਥਾਣਿਆਂ ਤੇ ਚੌਕੀਆਂ ‘ਚ ਹੋਏ ਸਨ। ਕਾਉਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਜਵਾ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੇ ਜਦੋਂਕਿ ਉਹ ਉਨ੍ਹਾਂ ਦੇ ਜਾਣਕਾਰੀ ਦੇ ਸਰੋਤਾਂ ਬਾਰੇ ਜਾਣਨਾ ਚਾਹੁੰਦੇ ਸਨ। ਸੂਤਰਾਂ ਅਨੁਸਾਰ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਆਪਣੇ ਸਰੋਤ ਹਨ ਤੇ ਉਹ ਇਨ੍ਹਾਂ ਦਾ ਖੁਲਾਸਾ ਨਹੀਂ ਕਰ ਸਕਦੇ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਪ੍ਰਤਾਪ ਬਾਜਵਾ ਨੂੰ ਸਪੱਸ਼ਟ ਸਵਾਲ ਕੀਤੇ ਹਨ ਕਿ ਕੀ ਉਨ੍ਹਾਂ ਦੇ ਕਿਸੇ ਪਾਕਿਸਤਾਨੀ ਅੱਤਵਾਦੀ ਜਾਂ ਏਜੰਸੀ ਨਾਲ ਸਿੱਧੇ ਸੰਬੰਧ ਹਨ ? ਕੀ ਉਨ੍ਹਾਂ ਨੂੰ ਇਹ ਜਾਣਕਾਰੀ ਸਿੱਧੇ ਫੋਨ ਰਾਹੀਂ ਦਿੱਤੀ ਗਈ ਹੈ ? ਤੁਹਾਡਾ ਇਨਫੋਰਮੇਸ਼ਨ ਦਾ ਸਰੋਤ ਕੀ ਹੈ ? ਕਿਉਂਕਿ ਨਾ ਤਾਂ ਇਸ ਸਬੰਧੀ ਕੋਈ ਅਲਰਟ ਪੰਜਾਬ ਦੀ ਇੰਟੈਲੀਜੈਂਸੀ ਨੂੰ ਮਿਲਿਆ ਹੈ ਅਤੇ ਨਾ ਹੀ ਦੇਸ਼ ਦੀ ਕਿਸੇ ਇੰਟੈਲੀਜੈਂਸ ਏਜੰਸੀ ਨੇ ਸਾਡੇ ਨਾਲ ਅਜਿਹਾ ਕੁਝ ਸ਼ੇਅਰ ਕੀਤਾ ਹੈ। ਫਿਰ ਤੁਸੀਂ ਅਜਿਹਾ ਕਿਵੇਂ ਕਹਿ ਸਕਦੇ ਹੋ ? ਇਸ ਦਾ ਮਤਲਬ ਹੈ ਕਿ ਤੁਹਾਡੇ ਪਾਕਿਸਤਾਨ ਨਾਲ ਕਿਤੇ ਨਾ ਕਿਤੇ ਸਿੱਧੇ ਸੰਬੰਧ ਹਨ। ਬਾਜਵਾ ਨੂੰ ਲੰਮੇ ਹੱਥੀਆਂ ਲੈਂਦਿਆਂ ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਜੇਕਰ ਅਜਿਹੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇ। ਸੀਐੱਮ ਨੇ ਸਿੱਧੇ ਤੌਰ ‘ਤੇ ਕਿਹਾ ਕਿ ਕੀ ਉਹ ਬੰਬਾਂ ਦੇ ਚੱਲਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਆਪਣੀ ਰਾਜਨੀਤੀ ਚਮਕਾ ਸਕਣ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਤੁਸੀਂ ਦਹਿਸ਼ਤ ਫੈਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਆਦੇਸ਼ ਦੇ ਦਿੱਤੇ ਗਏ ਹਨ ਕਿ ਬਾਜਵਾ ਨੂੰ ਮਿਲ ਕੇ ਨਿਸ਼ਾਨਦੇਹੀ ਕਰਵਾਈ ਜਾਵੇ ਕੀ ਬੰਬ ਕਿੱਥੇ-ਕਿੱਥੇ ਪਏ ਹਨ। Post navigation Previous Post ਹੁਣ ਬਰਨਾਲੇ ਦੇ ਇਸ ਪਿੰਡ ’ਚ ਸ਼ਰਾਬ ਦੇ ਠੇਕੇ ਖ਼ਿਲਾਫ਼ ਉੱਠੀ ਆਵਾਜ਼, ਪਿੰਡ ਵਾਸੀਆਂ ਕੀਤਾ ਰੋਸ ਪ੍ਰਦਰਸ਼ਨNext Postਬਰਨਾਲਾ ਦੇ ਥਾਣਾ ਸਿਟੀ-1 ਤੋਂ ਕੁਝ ਦੂਰੀ ’ਤੇ ਸਥਿਤ ਹਸਪਤਾਲ ਦੇ ਵੇਰਕਾ ਬੂਥ ਤੋਂ ਨਗਦੀ ਤੇ ਸਮਾਨ ਚੋਰੀ