Posted inਸਿਖਿੱਆ ਬਰਨਾਲਾ ਬਰਨਾਲਾ ਦੇ ਕਈ ਨਿੱਜੀ ਸਕੂਲਾਂ ਵਿੱਚ ਰਾਖਵੇਂ ਕੋਟੇ ਤਹਿਤ ਨਹੀਂ ਦਿੱਤੀ ਜਾ ਰਹੀ ਮੁਫ਼ਤ ਸਿੱਖਿਆ Posted by overwhelmpharma@yahoo.co.in Apr 22, 2025 – ਆਖ਼ਿਰ ਕਦੋਂ ਕੁੰਭਕਰਨੀ ਨੀਂਦ ਤੋਂ ਜਾਗ ਕੇ ਸਿੱਖਿਆ ਵਿਭਾਗ ਇਨ੍ਹਾਂ ਸਕੂਲਾਂ ‘ਤੇ ਕੱਸੇਗਾ ਨਕੇਲ? ਬਰਨਾਲਾ, 22 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਕਈ ਨਿੱਜੀ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਜੇ ਵੀ ਉਨ੍ਹਾਂ ਲਈ ਰਾਖਵੇਂ ਕੋਟੇ ਤਹਿਤ ਮੁਫ਼ਤ ਸਿੱਖਿਆ ਪ੍ਰਦਾਨ ਨਹੀਂ ਕੀਤੀ ਜਾ ਰਹੀ, ਨਾ ਹੀ ਅਜਿਹੇ ਬੱਚਿਆਂ ਨੂੰ ਸਕੂਲ ਦੀਆਂ ਕਿਤਾਬਾਂ ਜਾਂ ਫੀਸ ਆਦਿ ‘ਤੇ ਛੋਟ ਦਿੱਤੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਸਤਨਾਮ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਅਜਿਹੇ ਬੱਚਿਆਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਪੰਜਾਬ ਸਰਕਾਰ ਨੂੰ 25 ਪ੍ਰਤੀਸ਼ਤ ਕੋਟਾ ਲਾਗੂ ਕਰਨ ਦੇ ਆਦੇਸ਼ ਵੀ ਜਾਰੀ ਕੀਤੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਹਾਈ ਕੋਰਟ ਦੇ ਆਦੇਸ਼ਾਂ ਦਾ ਪਾਲਣ ਕੀਤਾ ਅਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਭਰ ਦੇ ਸਿੱਖਿਆ ਅਧਿਕਾਰੀਆਂ ਨੂੰ ਇਨ੍ਹਾਂ ਆਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਨਿੱਜੀ ਸਕੂਲਾਂ ਨੂੰ ਨਿਰਦੇਸ਼ ਦੇਣ ਦੇ ਆਦੇਸ਼ ਦਿੱਤੇ। ਇਸ ਦੇ ਬਾਵਜੂਦ ਵੀ ਬਰਨਾਲਾ ਦੇ ਕਈ ਨਿੱਜੀ ਸਕੂਲ ਮਾਲਕਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਪੇਂਡੂ ਖੇਤਰਾਂ ਤੋਂ ਕੁਝ ਮਾਪਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਨਿੱਜੀ ਸਕੂਲ ਮਾਲਕ ਬੱਚਿਆਂ ਦੀ ਫੀਸ, ਜ਼ਬਰਦਸਤੀ ਕਾਪੀ-ਕਿਤਾਬ ਦੇਣਾ, ਵਰਦੀ ਦੇਣਾ, ਬਿਲਡਿੰਗ ਫੰਡ, ਆਯੋਜਨਾਂ ਲਈ ਧਨ ਆਦਿ ਦੇ ਨਾਂ ‘ਤੇ ਲੱਖਾਂ ਰੁਪਏ ਵਸੂਲ ਰਹੇ ਹਨ। ਸਿੱਖਿਆ ਵਿਭਾਗ ਬਰਨਾਲਾ ਦਾ ਅਧਿਕਾਰੀ ਵਰਗ ਸ਼ਾਇਦ ਹਾਈ ਕੋਰਟ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਨੂੰ ਜ਼ਰੂਰੀ ਨਹੀਂ ਸਮਝਦਾ। ਜੇਕਰ ਬਰਨਾਲੇ ਦੇ ਸਿੱਖਿਆ ਵਿਭਾਗ ਨੇ ਹੁਕਮ ਨਾ ਮੰਨਣ ਵਾਲੇ ਨਿੱਜੀ ਸਕੂਲਾਂ ਖਿਲਾਫ ਕੋਈ ਕਾਰਵਾਈ ਕੀਤੀ ਹੈ, ਤਾਂ ਇਸ ਬਾਰੇ ਵੀ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਅਧਿਕਾਰੀ ਸਿਰਫ਼ ਆਪਣੀ ਡਿਊਟੀ ਖਾਨਾਪੂਰਤੀ ਕਰਨ ਲਈ ਹੀ ਆਉਂਦੇ ਹਨ। ਜਿਸ ‘ਤੇ ਉੱਚ ਅਦਾਲਤ ਦੁਆਰਾ ਸਖ਼ਤ ਐਕਸ਼ਨ ਲੈਂਦੇ ਹੋਏ ਕਾਰਵਾਈ ਕਰਨੀ ਚਾਹੀਦੀ ਹੈ। – ਹਰੇਕ ਨਿੱਜੀ ਸਕੂਲ ਵਿੱਚ ਜਾਂਚ ਕੀਤੀ ਜਾਵੇ: ਨਾਮਧਾਰੀ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਹਰੇਕ ਨਿੱਜੀ ਸਕੂਲ ਵਿੱਚ ਹਾਜ਼ਰੀ ਰਜਿਸਟਰ, ਫੀਸ ਦੀ ਰਸੀਦ, ਸਕੂਲੀ ਬੱਚਿਆਂ ਦੀ ਕਾਪੀ-ਕਿਤਾਬਾਂ ਦਾ ਹਿਸਾਬ-ਕਿਤਾਬ ਅਤੇ ਸਟਾਫ਼ ਨੂੰ ਦਿੱਤੀ ਜਾਣ ਵਾਲੀ ਤਨਖਾਹ ਦੀ ਜਾਂਚ ਕੀਤੀ ਜਾਵੇ ਅਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਵਿੱਚ ਕੰਮ ਕਰਦੇ ਸਟਾਫ਼ ਨਾਲ ਇਨਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਪਤਾ ਨਹੀਂ ਕਦੋਂ ਕੁੰਭਕਰਨੀ ਨੀਂਦ ਤੋਂ ਜਾਗ ਕੇ ਅਜਿਹੇ ਨਿੱਜੀ ਸਕੂਲਾਂ ਖਿਲਾਫ ਨਕੇਲ ਕੱਸਣਗੇ? ਉਨ੍ਹਾਂ ਕਿਹਾ ਕਿ ਬਰਨਾਲਾ ਹਲਕੇ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਵਾਲੇ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਹੁਕਮ ਨਾ ਮੰਨਣ ਵਾਲੇ ਨਿੱਜੀ ਸਕੂਲਾਂ ਖਿਲਾਫ ਕਾਰਵਾਈ ਕਰਨ ਤੋਂ ਡਰਦੇ ਨਜ਼ਰ ਆ ਰਹੇ ਹਨ। Post navigation Previous Post ਕਿਸਾਨਾਂ ਨੇ ਥਾਣਾ ਟੱਲੇਵਾਲ ਤੇ ਸ਼ਹਿਣਾ ਦਾ ਘਿਰਾਓ ਕਰਕੇ ਕੀਤਾ ਰੋਸ ਪ੍ਰਦਰਸ਼ਨNext Postਬਰਨਾਲਾ ’ਚ 23 ਅਪ੍ਰੈਲ ਤੋਂ ਹੀਟ ਵੇਵ ਦਾ ਅਲਰਟ ਕੀਤਾ ਜਾਰੀ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ