Posted inਬਰਨਾਲਾ ਬਰਨਾਲਾ ’ਚ ਲੋਕਾਂ ਨੇ ਠੇਕੇ ਨੂੰ ਲਾਇਆ ਤਾਲਾ : ਇਕ ਪਾਸੇ ਨਸ਼ਾ ਵਿਰੋਧੀ ਮੁਹਿੰਮ, ਦੂਜੇ ਪਾਸੇ ਖੁੱਲ੍ਹ ਰਹੇ ਗਲੀ-ਗਲੀ ਸ਼ਰਾਬ ਦੇ ਠੇਕੇ Posted by overwhelmpharma@yahoo.co.in May 6, 2025 ਬਰਨਾਲਾ, 6 ਮਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਸੇਖਾ ਰੋਡ ਗਲੀ ਨੰਬਰ 4 ਦੇ ਰਿਹਾਇਸ਼ੀ ਖੇਤਰ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਰੋਸ ਵਜੋਂ ਵਾਰਡ ਵਾਸੀਆਂ ਵਲੋਂ ਠੇਕੇ ਅੱਗੇ ਧਰਨਾ ਦੇ ਕੇ ਪ੍ਰਸ਼ਾਸ਼ਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਖੀ ਹੋਈਆਂ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਸ਼ਰਾਬ ਦੇ ਠੇਕੇ ਨੂੰ ਤਾਲਾ ਲਗਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਬਿਲਕੁਲ ਰਿਹਾਇਸ਼ੀ ਖੇਤਰ ’ਚ ਖੋਲ੍ਹਿਆ ਗਿਆ ਹੈ, ਜਿੱਥੇ ਸ਼ਾਮ ਸਮੇਂ ਸ਼ਰਾਬੀਆਂ ਕਾਰਨ ਔਰਤਾਂ ਤੇ ਬੱਚਿਆਂ ਦਾ ਵੀ ਲੰਘਣਾ ਔਖਾ ਹੋ ਜਾਂਦਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਚੂਨ ਦੀਆਂ ਦੁਕਾਨਾਂ ਵਾਂਗ ਸਰਕਾਰੀ ਸ਼ਹਿ ’ਤੇ ਗਲੀ-ਗਲੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ, ਜੋ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਅੰਗੂਠਾ ਦਿਖਾ ਰਹੇ ਹਨ। ਸ਼ਰਾਬ ਦਾ ਠੇਕਾ ਤੁਰੰਤ ਬੰਦ ਕੀਤਾ ਜਾਵੇ ਨਹੀਂ ਤਾਂ ਇਸ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮੌਕੇ ’ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਪਹੁੰਚ ਕੇ ਲੋਕਾਂ ਨੂੰ ਦੋ ਦਿਨਾਂ ’ਚ ਸ਼ਰਾਬ ਦਾ ਠੇਕਾ ਤਬਦੀਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਾਰਡ ਦੇ ਮੋਹਤਬਾਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ ਸੇਖਾ ਰੋਡ ’ਤੇ ਮੋਰਾਂ ਵਾਲੀ ਪਹੀ ਵਿਖੇ ਇਕ ਗੈਰ ਕਾਨੂੰਨੀ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ, ਜੋ ਰਿਹਾਇਸ਼ੀ ਇਲਾਕੇ ਦੇ ’ਚ ਹੈ। ਜਿਸ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸੇਖਾ ਰੋਡ ’ਤੇ ਗਲੀ-ਗਲੀ ’ਚ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਇਹ ਠੇਕਾ ਖੋਲਿਆ ਗਿਆ ਹੈ ਇਸਦੀ ਮਨਜੂਰੀ 4 ਨੰਬਰ ਗਲੀ ਨੇੜੇ ਖੋਲ੍ਹਣ ਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਇਸ ਠੇਕੇ ਨੂੰ ਤੁਰੰਤ ਇਸ ਜਗ੍ਹਾ ਤੋਂ ਤਬਦੀਲ ਕੀਤਾ ਜਾਵੇ ਨਹੀਂ ਤਾਂ ਇਸ ਵਿਰੁੱਧ ਤਿੱਖਾ ਸੰਘਰਸ਼ ਹੋਵੇਗਾ। – ਸ਼ਰਾਬ ਦੇ ਠੇਕੇ ਨੂੰ ਲਗਾਇਆ ਤਾਲਾ ਸ਼ਰਾਬ ਦੇ ਠੇਕੇ ਨੂੰ ਤਾਲਾ ਲਗਾਉਣ ਉਪਰੰਤ ਵਾਰਡ ਨਿਵਾਸੀ ਨਿਧੀ ਤਿਵਾੜੀ ਤੇ ਸਿੰਮੀ ਸ਼ਰਮਾ ਨੇ ਕਿਹਾ ਕਿ ਸੇਖਾ ਰੋਡ ’ਤੇ ਰਾਸ਼ਨ ਦੀਆਂ ਦੁਕਾਨਾਂ ਵਾਂਗੂ ਗਲੀਆਂ ’ਚ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ। ਇਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਲਈ ਲੋਕਾਂ ਦਾ ਸਾਥ ਮੰਗ ਰਹੀ ਹੈ, ਦੂਜੇ ਪਾਸੇ ਗਲੀ-ਗਲੀ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਇਸ ਤਰ੍ਹਾਂ ਰਿਹਾਇਸ਼ੀ ਇਲਾਕੇ ’ਚ ਠੇਕਾ ਖੋਲ੍ਹਣਾ ਗੈਰ ਕਾਨੂੰਨੀ ਹੈ। ਸ਼ਾਮ ਨੂੰ 4 ਵਜੇ ਤੋਂ ਲੈ ਕੇ ਨਸ਼ੇੜੀ ਸ਼ਰਾਬ ਦੇ ਠੇਕੇ ਨੇੜੇ ਘੁੰਮਦੇ ਰਹਿੰਦੇ ਹਨ। ਇਸ ਗਲੀ ’ਚ ਪਾਰਲਰ, ਡਾਕਟਰ ਦੀ ਦੁਕਾਨ, ਸਬਜ਼ੀ-ਰਾਸ਼ਨ ਪਾਣੀ ਦੀ ਦੁਕਾਨ ਹੈ, ਜਿੱਥੇ ਔਰਤਾਂ ਤੇ ਬੱਚੀਆਂ ਦਾ ਜਾਣਾ ਵੀ ਮੁਸ਼ਕਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸ਼ਰਾਬ ਦੇ ਠੇਕੇ ਨੂੰ ਤੁਰੰਤ ਬੰਦ ਕੀਤਾ ਜਾਵੇ ਨਹੀਂ ਤਾਂ ਉਹ ਠੇਕੇ ਅੱਗੇ ਪੱਕੇ ਤੌਰ `ਤੇ ਧਰਨਾ ਲਗਾ ਕੇ ਸੰਘਰਸ਼ ਕਰਨਗੇ। – ਸੰਸਦ ਮੈਂਬਰ ਮੀਤ ਹੇਅਰ ਨੇ ਦਿੱਤਾ ਭਰੋਸਾ, ਫਿਰ ਵੀ ਨਹੀਂ ਹੋਈ ਸੁਣਵਾਈ ਸੰਸਦ ਮੈਂਬਰ ਗਰਮੀਤ ਸਿੰਘ ਮੀਤ ਹੇਅਰ ਨੂੰ ਵੀ ਜਾਣੂ ਕਰਵਾਇਆ ਗਿਆ ਸੀ। ਜਿਨ੍ਹਾਂ ਨੇ ਸੋਮਵਾਰ ਤਕ ਠੇਕੇ ਨੂੰ ਤਬਦੀਲ ਕਰਨ ਦਾ ਭਰੋਸਾ ਦਿੱਤਾ ਸੀ। ਪਰ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਉਨ੍ਹਾਂ ਨੂੰ ਸ਼ਰਾਬ ਦੇ ਠੇਕੇ ਅੱਗੇ ਮਜਬੂਰਨ ਧਰਨਾ ਲਗਾ ਕੇ ਪ੍ਰਦਰਸ਼ਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਸ਼ਰਾਬ ਦੇ ਠੇਕੇ ਨੂੰ ਤਬਦੀਲ ਕਰਨ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ। ਪਰ ਦੋ ਦਿਨ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦੇਣਗੇ। – ਦੋ ਦਿਨਾਂ ’ਚ ਠੇਕਾ ਤਬਦੀਲ ਕਰਨ ਦਾ ਦਿੱਤਾ ਭਰੋਸਾ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਥਾਂ ’ਤੇ ਸ਼ਰਾਬ ਦਾ ਠੇਕਾ ਬਕਾਇਦਾ ਮਨਜ਼ੂਰੀ ਤੋਂ ਬਾਅਦ ਹੀ ਰੱਖਿਆ ਗਿਆ ਹੈ। ਫਿਰ ਵੀ ਜੇਕਰ ਲੋਕਾਂ ਦਾ ਇਸ ਪ੍ਰਤੀ ਵਿਰੋਧ ਹੈ ਤਾਂ ਉਹ ਠੇਕੇ ਨੂੰ ਦੋ ਦਿਨਾਂ ਦੇ ’ਚ ਤਬਦੀਲ ਕਰਵਾ ਦੀ ਕਾਰਵਾਈ ਕਰਨਗੇ। Post navigation Previous Post ਸਿੱਖਿਆ ਕ੍ਰਾਂਤੀ ਪੰਜਾਬ : 13.16 ਲੱਖ ਰੁਪਏ ਦੇ ਕੰਮਾਂ ਦਾ ਸਕੂਲਾਂ ‘ਚ ਕੀਤਾ ਗਿਆ ਉਦਘਾਟਨNext Postਮਹਿਲ ਕਲਾਂ ’ਚ 2 ਦੁਕਾਨਦਾਰ ਭਰਾਵਾਂ ਦੀ ਕੁੱਟਮਾਰ ਕਰ ਖੋਹੀ ਨਕਦੀ