Posted inਸੰਗਰੂਰ ਨਸ਼ੇ ਦੀ ਵੱਧ ਡੋਜ਼ ਕਾਰਨ ਇਕ ਨੌਜਵਾਨ ਦੀ ਮੌਤ, ਦੂਜਾ ਜ਼ੇਰੇ ਇਲਾਜ Posted by overwhelmpharma@yahoo.co.in May 7, 2025 ਸੰਗਰੂਰ\ਮਸਤੂਆਣਾ ਸਾਹਿਬ, 7 ਮਈ (ਰਵਿੰਦਰ ਸ਼ਰਮਾ) : ਇਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਤੇ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲ੍ਹਾਂ ਅੰਦਰ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪਿੰਡਾਂ ਦੇ ਨੌਜਵਾਨ ਲਗਾਤਾਰ ਨਸ਼ਿਆਂ ਦੀ ਵੱਧ ਡੋਜ਼ ਨਾਲ ਮਰ ਰਹੇ ਹਨ। ਮਸਤੂਆਣਾ ਸਾਹਿਬ ਦੇ ਨੇੜਲੇ ਪਿੰਡ ਦੁੱਗਾਂ ਵਿਖੇ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਦ ਕਿ ਦੂਜੇ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ’ਚ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੁੱਗਾਂ ਦੇ ਸਾਬਕਾ ਸਰਪੰਚ ਦਲਵੀਰ ਸਿੰਘ, ਨੌਜਵਾਨ ਆਗੂ ਰਾਜਵੀਰ ਸਿੰਘ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਜ਼੍ਹਬੀ ਸਿੱਖ ਭਾਈਚਾਰੇ ਦੇ 18 ਤੋਂ 20 ਸਾਲ ਦੇ ਦੋ ਨੌਜਵਾਨ ਮੱਖਣ ਸਿੰਘ ਤੇ ਅੰਮ੍ਰਿਤਪਾਲ ਸਿੰਘ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਬੇਹੋਸ਼ੀ ਦੀ ਹਾਲਤ ’ਚ ਪਿੰਡ ਦੀ ਮੰਡੀ ਦੇ ਨਜ਼ਦੀਕ ਪਏ ਸਨ। ਪਤਾ ਲੱਗਦਿਆਂ ਹੀ ਉਨ੍ਹਾਂ ਨੇ ਦੋਨੋਂ ਨੌਜਵਾਨਾਂ ਨੂੰ ਪੁਲੀਸ ਚੌਂਕੀ ਬਡਰੁੱਖਾਂ ਨੂੰ ਇਤਲਾਹ ਦੇ ਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਉਥੇ ਮੱਖਣ ਸਿੰਘ ਦੀ ਅੱਜ ਮੌਤ ਹੋ ਗਈ ਹੈ। ਜਦੋਂ ਕਿ ਅੰਮ੍ਰਿਤਪਾਲ ਸਿੰਘ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ੇਰੇ ਇਲਾਜ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਪਿੰਡ ਦੁੱਗਾਂ ਵਿਖੇ ਨਸ਼ਾ ਵਿਕਣ ਸਬੰਧੀ ਕਈ ਵਾਰ ਪੁਲਿਸ ਦੇ ਵੱਖ-ਵੱਖ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ ਤੇ ਵੇਚਣ ਵਾਲੇ ਵਿਅਕਤੀਆਂ ਬਾਰੇ ਵੀ ਦੱਸ ਚੁੱਕੇ ਹਨ। ਪਰ ਅਜੇ ਤੱਕ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। – ਪਿੰਡ ਨੂੰ ਗ੍ਰਾਂਟ ਘੱਟ ਦੇ ਦਿਓ, ਪਰ ਨਸ਼ਾ ਖਤਮ ਕਰ ਦਿਓ ਉਨ੍ਹਾਂ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਇਸ ਸਬੰਧੀ ਕੋਈ ਕਾਰਵਾਈ ਕਰਦਾ ਤਾਂ ਇਸ ਨੌਜਵਾਨ ਦੀ ਜਾਨ ਬਚਾਈ ਜਾ ਸਕਦੀ ਸੀ। ਪਿੰਡ ਵਾਸੀਆਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੇ ਸੂਬਾ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਬੇਸ਼ੱਕ ਗ੍ਰਾਂਟ ਘੱਟ ਦੇ ਦਿਓ, ਪਰ ਪਿੰਡ ’ਚੋਂ ਨਸ਼ਾ ਖਤਮ ਕਰ ਨੌਜਵਾਨਾਂ ਨੂੰ ਬਚਾ ਲਓ ਤੇ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। – ਮ੍ਰਿਤਕ ਦਾ ਪਿਤਾ ਤੁਰ ਫਿਰ ਨਹੀਂ ਸਕਦਾ ਕਾਬਲੇ ਗੌਰ ਹੋਵੇ ਕਿ ਮ੍ਰਿਤਕ ਮੱਖਣ ਸਿੰਘ ਦੇ ਪਿਤਾ ਕਾਫੀ ਬਿਮਾਰ ਰਹਿੰਦੇ ਹਨ ਤੇ ਤੁਰ ਫਿਰ ਨਹੀਂ ਸਕਦੇ। ਮਾਤਾ ਤੇ ਦਾਦੀ ਲੋਕਾਂ ਦੇ ਘਰਾਂ ਦਾ ਗੋਹਾ ਕੂੜਾ ਸੁੱਟ ਕੇ ਦਿਹਾੜੀ ਕਰ ਘਰ ਦਾ ਗੁਜ਼ਾਰਾ ਚਲਾ ਰਹੀਆਂ ਹਨ। – ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ : ਡੀਐਸਪੀ ਇਸ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪਿੰਡ ਦੁੱਗਾਂ ਦੇ ਨਸ਼ਾ ਤਸਕਰਾਂ ਖਿਲਾਫ ਪਹਿਲਾ ਹੀ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਪਹਿਲਾ ਹਰਿਆਣੇ ’ਚ ਪੜਨ ਗਿਆ ਸੀ। ਹੁਣ ਉਹ ਕੁੱਝ ਦਿਨ ਪਹਿਲਾ ਘਰ ਆਇਆ ਸੀ। ਜਿੱਥੇ ਉਹ ਬਿਮਾਰ ਹੋਣ ਉਪਰੰਤ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। Post navigation Previous Post ਬਰਨਾਲਾ ਅਦਾਲਤ ਨੇ ਵਿਅਕਤੀ ਨੂੰ ਕੇਸ ’ਚੋਂ ਤਾਂ ਕਰ ਦਿੱਤਾ ਸੀ ਬਰੀ, ਪਰ ਗੈਰ ਹਾਜ਼ਰ ਰਹਿਣ ਕਾਰਨ ਕਸੂਤਾ ਫ਼ਸਿਆNext Postਟ੍ਰਾਈਡੈਂਟ ਫੈਕਟਰੀ ਧੌਲਾ ਅਤੇ ਆਈ ਓ ਐੱਲ ਫੈਕਟਰੀ ਫਤਿਹਗੜ੍ਹ ਛੰਨਾ ਵਿਖੇ ਹੋਈ ਜ਼ਿਲ੍ਹਾ ਬਰਨਾਲਾ ਦੀ ਦੂਜੀ ਮੌਕ ਡਰਿੱਲ