Posted inਬਰਨਾਲਾ ਬਰਨਾਲਾ ਸਬਜ਼ੀ ਮੰਡੀ ‘ਚ 5, 10 ਤੇ 20 ਰੁਪਏ ਦੇ ਸਿੱਕਿਆਂ ਨੂੰ ਨਾ ਲੈਣ ’ਤੇ ਗਾਹਕ ਪ੍ਰੇਸ਼ਾਨ Posted by overwhelmpharma@yahoo.co.in May 19, 2025 ਬਰਨਾਲਾ , 19 ਮਈ (ਰਵਿੰਦਰ ਸ਼ਰਮਾ) : ਸਥਾਨਕ ਸਬਜ਼ੀ ਮੰਡੀ ਵਿੱਚ ਫ਼ਲ ਤੇ ਸਬਜ਼ੀ ਵਿਕ੍ਰੇਤਾਵਾਂ ਵੱਲੋਂ 5, 10 ਅਤੇ 20 ਰੁਪਏ ਦੇ ਸਿੱਕੇ (ਠੋਲੂ) ਨਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਆਮ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਵੱਈਏ ਨਾਲ ਨਾ ਸਿਰਫ਼ ਰੋਜ਼ਾਨਾ ਦੇ ਲੈਣ-ਦੇਣ ਵਿੱਚ ਦਿੱਕਤ ਆ ਰਹੀ ਹੈ, ਸਗੋਂ ਭਾਰਤੀ ਕਰੰਸੀ ਦੇ ਨਿਰਾਦਰ ਦਾ ਮੁੱਦਾ ਵੀ ਉੱਠ ਰਿਹਾ ਹੈ। ਮੰਡੀ ਵਿੱਚ ਸਬਜ਼ੀ ਅਤੇ ਫਲ ਖਰੀਦਣ ਆਉਂਦੇ ਗਾਹਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਬਹੁਤੇ ਦੁਕਾਨਦਾਰ ਅਤੇ ਰੇਹੜੀ-ਫੜ੍ਹੀ ਵਾਲੇ ਛੋਟੇ ਮੁੱਲ ਦੇ ਇਹ ਸਿੱਕੇ ਲੈਣ ਤੋਂ ਸਾਫ਼ ਇਨਕਾਰ ਕਰ ਦਿੰਦੇ ਹਨ। ਇਸ ਕਾਰਨ ਕਈ ਵਾਰ ਗਾਹਕਾਂ ਨੂੰ ਲੋੜੀਂਦੀ ਵਸਤੂ ਖਰੀਦੇ ਬਿਨਾਂ ਹੀ ਵਾਪਸ ਮੁੜਨਾ ਪੈਂਦਾ ਹੈ ਜਾਂ ਫਿਰ ਮਜਬੂਰੀ ਵੱਸ ਵੱਡੇ ਨੋਟ ਦੇ ਕੇ ਵਾਧੂ ਸਾਮਾਨ ਖਰੀਦਣਾ ਪੈਂਦਾ ਹੈ। ਖਾਸ ਤੌਰ ‘ਤੇ ਰੋਜ਼ਾਨਾ ਦਿਹਾੜੀ ਕਰਨ ਵਾਲੇ ਅਤੇ ਛੋਟੀਆਂ-ਮੋਟੀਆਂ ਖਰੀਦਾਂ ਕਰਨ ਵਾਲੇ ਲੋਕ ਇਸ ਸਮੱਸਿਆ ਤੋਂ ਵਧੇਰੇ ਪੀੜਤ ਹਨ। ਪੀੜਤ ਗਾਹਕਾਂ ਦਾ ਕਹਿਣਾ ਹੈ ਕਿ ਜਦੋਂ ਬੈਂਕਾਂ ਅਤੇ ਸਰਕਾਰ ਵੱਲੋਂ ਇਹ ਸਿੱਕੇ ਪੂਰੀ ਤਰ੍ਹਾਂ ਪ੍ਰਚਲਿਤ ਹਨ ਤਾਂ ਮੰਡੀ ਦੇ ਦੁਕਾਨਦਾਰਾਂ ਵੱਲੋਂ ਇਨ੍ਹਾਂ ਨੂੰ ਨਾ ਲੈਣਾ ਗੈਰ-ਕਾਨੂੰਨੀ ਹੈ। ਇਸ ਨਾਲ ਨਾ ਸਿਰਫ਼ ਆਮ ਲੋਕਾਂ ਦੀ ਖੱਜਲ-ਖੁਆਰੀ ਹੁੰਦੀ ਹੈ, ਸਗੋਂ ਦੇਸ਼ ਦੀ ਕਰੰਸੀ ਦਾ ਵੀ ਨਿਰਾਦਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਦੁਕਾਨਦਾਰ ਸਿੱਕੇ ਦੇਖਦਿਆਂ ਹੀ ਸੌਦਾ ਦੇਣ ਤੋਂ ਮਨ੍ਹਾ ਕਰ ਦਿੰਦੇ ਹਨ, ਜਿਸ ਨਾਲ ਬਹਿਸਬਾਜ਼ੀ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਇਸ ਮਾਮਲੇ ਸਬੰਧੀ ਮੰਡੀ ਦੇ ਕੁਝ ਦੁਕਾਨਦਾਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਨੂੰ ਅੱਗੇ ਵੱਡੇ ਵਪਾਰੀਆਂ ਜਾਂ ਬੈਂਕਾਂ ਤੋਂ ਵੀ ਕਈ ਵਾਰ ਸਿੱਕੇ ਲੈਣ ਵਿੱਚ ਆਨਾਕਾਨੀ ਕੀਤੀ ਜਾਂਦੀ ਹੈ, ਜਿਸ ਕਾਰਨ ਉਹ ਵੀ ਗਾਹਕਾਂ ਤੋਂ ਸਿੱਕੇ ਲੈਣ ਤੋਂ ਕਤਰਾਉਂਦੇ ਹਨ। ਹਾਲਾਂਕਿ, ਇਹ ਦਲੀਲ ਆਮ ਗਾਹਕਾਂ ਦੀ ਪ੍ਰੇਸ਼ਾਨੀ ਨੂੰ ਘੱਟ ਨਹੀਂ ਕਰਦੀ। ਇਲਾਕਾ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਸਬਜ਼ੀ ਮੰਡੀ ਵਿੱਚ ਭਾਰਤੀ ਕਰੰਸੀ ਦੇ ਸਿੱਕਿਆਂ ਦਾ ਲੈਣ-ਦੇਣ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ ਅਤੇ ਗਾਹਕਾਂ ਨੂੰ ਹੋ ਰਹੀ ਬੇਲੋੜੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਣਬੁੱਝ ਕੇ ਸਰਕਾਰੀ ਕਰੰਸੀ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। Post navigation Previous Post Exclusive News : ਮਹਾਰਾਜਾ ਅਗਰਸੈਨ ਇਨਕਲੇਵ ਬਰਨਾਲਾ ਦੇ ਪਲਾਟ ਹੋਣਗੇ ਜ਼ਬਤ, ਪਲਾਟਾਂ ਦੇ ਰੇਟ ਇਕਦਮ ਡਿੱਗੇNext Postਐਮਡੀ ਸ਼ਿਵ ਸਿੰਗਲਾ ਵਲੋਂ 12ਵੀਂ ਜਮਾਤ ਦੀ ਪੰਜਾਬ ਟੌਪਰ ਹਰਸੀਰਤ ਕੌਰ ਸਨਮਾਨਿਤ