Posted inਬਰਨਾਲਾ ਐਮਡੀ ਸ਼ਿਵ ਸਿੰਗਲਾ ਵਲੋਂ 12ਵੀਂ ਜਮਾਤ ਦੀ ਪੰਜਾਬ ਟੌਪਰ ਹਰਸੀਰਤ ਕੌਰ ਸਨਮਾਨਿਤ Posted by overwhelmpharma@yahoo.co.in May 19, 2025 ਬਰਨਾਲਾ , 19 ਮਈ (ਰਵਿੰਦਰ ਸ਼ਰਮਾ) : ਐਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਤੇ ਐਸਐਸਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਮੈਡੀਕਲ ’ਚ 12ਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੂੰ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕਰਨ `ਤੇ ਉਸਦੇ ਘਰ ਜਾ ਕੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐਮਡੀ ਸ਼ਿਵ ਸਿੰਗਲਾ ਤੇ ਰਾਕੇਸ਼ ਜਿੰਦਲ ਨੇ ਹਰਸੀਰਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ `ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਹਰਸੀਰਤ ਨੈਟਬਾਲ ’ਚ ਕੌਮੀ ਖੇਡਾਂ ’ਚ ਮੈਡਲ ਜੇਤੂ ਹੋਣ ਦੇ ਨਾਲ-ਨਾਲ ਸਟੇਟ ਲੈਵਲ `ਤੇ ਸੋਨ ਤਗਮਾ ਵੀ ਜਿੱਤ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰਸੀਰਤ ਨੇ ਖੇਡਾਂ ਤੇ ਪੜ੍ਹਾਈ ਦੋਵਾਂ ’ਚ ਮੋਹਰੀ ਰਹਿ ਕੇ ਜ਼ਿਲ੍ਹੇ ਦੇ ਹੋਰਨਾਂ ਬੱਚਿਆਂ ਲਈ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ। ਸਨਮਾਨਿਤ ਹੋਣ ਤੋਂ ਬਾਅਦ ਹਰਸੀਰਤ ਕੌਰ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੇ ਮੈਡੀਕਲ ਗਰੁੱਪ ’ਚ ਪੜ੍ਹਾਈ ਕੀਤੀ ਹੈ ਤੇ ਉਹ ਅੱਗੇ ਐਮਬੀਬੀਐਸ ਕਰਕੇ ਡਾਕਟਰ ਬਣ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਦਿੱੱਤਾ। ਜਿਨ੍ਹਾਂ ਨੇ ਉਸ ਨੂੰ ਹਮੇਸ਼ਾ ਸਹਿਯੋਗ ਦਿੱਤਾ। ਐਮਡੀ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਕਿਹਾ ਕਿ ਇਹ ਸਨਮਾਨ ਦੂਜੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰੇਗਾ ਕਿ ਉਹ ਆਪਣੀ ਪੜ੍ਹਾਈ ਤੇ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਨ ਤੇ ਆਪਣੇ ਖੇਤਰ ’ਚ ਮੱਲਾਂ ਮਾਰਨ। ਇਸ ਤਰ੍ਹਾਂ ਦੇ ਉਤਸ਼ਾਹ ਨਾਲ ਹੀ ਸਮਾਜ ’ਚ ਹੋਰ ਵਿਦਿਆਰਥੀ ਪੈਦਾ ਹੋਣਗੇ। ਜੋ ਆਪਣੇ ਮਾਪਿਆਂ, ਜ਼ਿਲ੍ਹੇ ਤੇ ਸਕੂਲ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਪਿਤਾ ਸਿਮਰਦੀਪ ਸਿੰਘ ਡੀਐਮ ਸਪੋਰਟਸ ਸਿੱਖਿਆ ਵਿਭਾਗ, ਮਾਤਾ ਅਮਨਪ੍ਰੀਤ ਕੌਰ ਸਰਕਾਰੀ ਅਧਿਆਪਕ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਦੇ ਐਮਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਐਸਐਸਡੀ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਉਚ ਸਿੱਖਿਆ ਪ੍ਰਾਪਤ ਕਰਨ ਤੇ ਖੇਡਾਂ ’ਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ। ਹਰਸੀਰਤ ਹੋਰਨਾਂ ਵਿਦਿਆਰਥੀਆਂ ਲਈ ਵੀ ਇਕ ਪ੍ਰੇਰਨਾ ਸਰੋਤ ਹੈ ਕਿ ਸਖਤ ਮਿਹਨਤ ਤੇ ਸਮਰਪਣ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਛੋਟੇ ਕਸਬਿਆਂ ਤੇ ਪਿੰਡਾਂ ਦੇ ਵਿਦਿਆਰਥੀਆਂ ’ਚ ਵੀ ਅਥਾਹ ਪ੍ਰਤਿਭਾ ਛੁਪੀ ਹੁੰਦੀ ਹੈ, ਜਿਸ ਨੂੰ ਸਿਰਫ ਸਹੀ ਮੌਕੇ ਤੇ ਸਹਾਇਤਾ ਦੀ ਲੋੜ ਹੁੰਦੀ ਹੈ। ਉਸਦੀ ਸਫਲਤਾ ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਇਕ ਉਦਾਹਰਣ ਹੈ, ਜੋ ਸੀਮਤ ਸਾਧਨਾਂ ਦੇ ਬਾਵਜੂਦ ਵੱਡੇ ਸੁਪਨੇ ਦੇਖਦੇ ਹਨ। Post navigation Previous Post ਬਰਨਾਲਾ ਸਬਜ਼ੀ ਮੰਡੀ ‘ਚ 5, 10 ਤੇ 20 ਰੁਪਏ ਦੇ ਸਿੱਕਿਆਂ ਨੂੰ ਨਾ ਲੈਣ ’ਤੇ ਗਾਹਕ ਪ੍ਰੇਸ਼ਾਨNext Postਚਿਕਨ ਲੈਣ ਲਈ ਗੱਡੀ ’ਚੋਂ ਉਤਰੇ ਥਾਣੇਦਾਰ, ਰਿਮਾਂਡ ’ਤੇ ਲਿਆਂਦਾ ਮੁਲਜ਼ਮ ਚਕਮਾਂ ਦੇ ਕੇ ਫ਼ਰਾਰ