Posted inTarnTaran ਚਿਕਨ ਲੈਣ ਲਈ ਗੱਡੀ ’ਚੋਂ ਉਤਰੇ ਥਾਣੇਦਾਰ, ਰਿਮਾਂਡ ’ਤੇ ਲਿਆਂਦਾ ਮੁਲਜ਼ਮ ਚਕਮਾਂ ਦੇ ਕੇ ਫ਼ਰਾਰ Posted by overwhelmpharma@yahoo.co.in May 19, 2025 ਤਰਨਤਾਰਨ, 19 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਥਾਣਾ ਝਬਾਲ ਦੀ ਪੁਲਿਸ ਦੀ ਵੱਡੀ ਲਾਪਰਵਾਹੀ, ਉਸ ਵੇਲੇ ਸਾਹਮਣੇ ਆਈ ਜਦੋਂ ਅਦਾਲਤ ’ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਮਿਲਣ ’ਤੇ ਥਾਣੇ ਲਿਆ ਰਹੇ ਦੋ ਥਾਣੇਦਾਰਾਂ ਨੂੰ ਚਕਮਾ ਦੇ ਕੇ ਇਕ ਮੁਲਜ਼ਮ ਹੱਥਕੜੀ ਸਣੇ ਗੱਡੀ ਵਿਚੋਂ ਨਿਕਲ ਕੇ ਭੱਜ ਗਿਆ। ਜਾਣਕਾਰੀ ਮੁਤਾਬਕ ਹੀਰਾ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਪੱਕਾ ਕਿਲ੍ਹਾ ਝਬਾਲ, ਜਿਸ ਨੂੰ ਪਹਿਲਾਂ ਤੋਂ ਦਰਜ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਸੀ ਤੇ ਸ਼ਨਿੱਚਰਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ। ਜਿਸ ਤੋਂ ਬਾਅਦ ਝਬਾਲ ਥਾਣੇ ਦੇ ਦੋ ਥਾਣੇਦਾਰ ਆਪਣੀ ਨਿੱਜੀ ਕਾਰ ਰਾਹੀਂ ਉਸ ਨੂੰ ਲੈ ਕੇ ਵਾਪਸ ਝਬਾਲ ਪੁੱਜੇ ਤਾਂ ਤਰਨਤਾਰਨ ਰੋਡ ’ਤੇ ਸਥਿਤ ਇਕ ਮੀਟ ਸ਼ਾਪ ’ਤੇ ਰਾਤ ਕਰੀਬ 10 ਕੁ ਵਜੇ ਚਿਕਨ ਵਗ਼ੈਰਾ ਲੈਣ ਵਾਸਤੇ ਗੱਡੀ ਵਿਚੋਂ ਬਾਹਰ ਆਏ। ਇਸੇ ਦੌਰਾਨ ਮੁਲਜ਼ਮ ਹੀਰਾ ਸਿੰਘ ਸਹਿਜੇ ਜਿਹੇ ਗੱਡੀ ਦੀ ਤਾਕੀ ਖੋਲ੍ਹ ਕੇ ਭੱਜ ਗਿਆ। ਉਸ ਦੇ ਪਿੱਛੇ ਇਕ ਥਾਣੇਦਾਰ ਭੱਜਾ ਤਾਂ ਜ਼ਰੂਰ ਪਰ ਉਸ ਨੂੰ ਕਾਬੂ ਨਾ ਕਰ ਸਕਿਆ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਇਕ ਫਿਰੋਜ਼ੀ ਰੰਗ ਦੀ ਕਾਰ ਮੀਟ ਦੀ ਦੁਕਾਨ ’ਤੇ ਰੁਕੀ ਅਤੇ ਦੋ ਪੁਲਿਸ ਵਾਲੇ ਗੱਡੀ ਵਿਚੋਂ ਬਾਹਰ ਆਏ। ਇਸੇ ਦੌਰਾਨ ਪਿੱਛੇ ਬੈਠਾ ਵਿਅਕਤੀ ਗੱਡੀ ਵਿਚੋਂ ਨਿਕਲ ਕੇ ਭੱਜ ਗਿਆ ਤੇ ਪਿੱਛਾ ਕਰਨ ਦੇ ਬਾਵਜੂਦ ਫੜਿਆ ਨਾ ਗਿਆ। ਪੁਲਿਸ ਵਾਲੇ ਕਹਿੰਦੇ ਸੀ ਕਿ ਮੁਲਜ਼ਮ ਹੱਥਕੜੀ ਵੀ ਨਾਲ ਲੈ ਗਿਆ। ਇਸ ਸਬੰਧੀ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੁਲਜ਼ਮ ਭੱਜਣ ਦੀ ਪੁਸ਼ਟੀ ਤਾਂ ਕੀਤੀ ਪਰ ਕਿਹਾ ਕਿ ਸੜਕ ’ਤੇ ਟਿੱਪਰ ਰੁਕਣ ਕਰ ਕੇ ਲੱਗੇ ਜਾਮ ਸਦਕਾ ਮੁਲਜ਼ਮ ਗੱਡੀ ਰੁਕਣ ’ਤੇ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣੇਦਾਰ ਕੋਈ ਮੀਟ ਜਾਂ ਸ਼ਰਾਬ ਲੈਣ ਲਈ ਨਹੀਂ ਰੁਕੇ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭੱਜੇ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। Post navigation Previous Post ਐਮਡੀ ਸ਼ਿਵ ਸਿੰਗਲਾ ਵਲੋਂ 12ਵੀਂ ਜਮਾਤ ਦੀ ਪੰਜਾਬ ਟੌਪਰ ਹਰਸੀਰਤ ਕੌਰ ਸਨਮਾਨਿਤNext Postਬਰਨਾਲਾ ਦੀ ਲੰਮੇਂ ਕੱਦ ਵਾਲੀ ਕੁੜੀ ਦੇ ਚਰਚੇ, ਵੱਡੀ ਪੰਜਾਬੀ ਵੈਬ ਸੀਰੀਜ਼ ਦਾ ਬਣੀ ਹਿੱਸਾ