Posted inਬਰਨਾਲਾ ਨੋਟਿਸ ਕੱਢਣ ਦੇ ਢਾਈ ਸਾਲਾਂ ਬਾਅਦ ਵੀ ਕਾਲੋਨਾਈਜ਼ਰਾਂ ਨੇ ਸੀਵਰੇਜ ਕਨੈਕਸ਼ਨ ਫੀਸ ਜਮ੍ਹਾਂ ਨਹੀਂ ਕਰਵਾਈ Posted by overwhelmpharma@yahoo.co.in May 22, 2025 – ਸਰਕਾਰੀ ਖਜ਼ਾਨੇ ਨੂੰ ਹੋ ਰਿਹੈ ਨੁਕਸਾਨ, ਏਡੀਸੀ ਨੇ ਕਿਹਾ : ਕਰਾਂਗੇ ਕਾਰਵਾਈ ਬਰਨਾਲਾ, 22 ਮਈ (ਰਵਿੰਦਰ ਸ਼ਰਮਾ) : ਹਾਲ ਹੀ ਦੇ ਸਾਲਾਂ ਵਿੱਚ ਬਰਨਾਲਾ ਸ਼ਹਿਰ ਦੇ ਕਈ ਕਾਲੋਨੀ ਮਾਲਕਾਂ ਨੇ ਨਗਰ ਕੌਂਸਲ ਬਰਨਾਲਾ ਦੀ ਮਨਜ਼ੂਰੀ ਲਏ ਬਿਨਾਂ ਅਤੇ ਫੀਸ ਅਦਾ ਕੀਤੇ ਬਿਨਾਂ ਹੀ ਆਪਣੀਆਂ ਕਾਲੋਨੀਆਂ ਦੇ ਸੀਵਰੇਜ਼ਾਂ ਨੂੰ ਸਰਕਾਰੀ ਸੀਵਰੇਜ਼ਾਂ ਨਾਲ ਜੋੜ ਦਿੱਤਾ ਹੈ। ਕਾਲੋਨਾਈਜ਼ਰਾਂ ਅਤੇ ਬਿਲਡਰਾਂ ਵੱਲੋਂ ਨਾਜਾਇਜ਼ ਤੌਰ ’ਤੇ ਜੋੜੇ ਗਏ ਸੀਵਰੇਜ ਕਨੈਕਸ਼ਨਾਂ ਦੇ ਸਬੰਧ ਵਿੱਚ, ਭਾਵੇਂ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਪਿਛਲੇ ਦੋ ਸਾਲਾਂ ਤੋਂ ਸਬੰਧਤ ਕਾਲੋਨਾਈਜ਼ਰਾਂ ਨੂੰ ਸੀਵਰੇਜ ਕਨੈਕਟੀਵਿਟੀ ਫੀਸ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਸਾਲਾਂ ਦੌਰਾਨ ਕਿਸੇ ਵੀ ਕਾਲੋਨਾਈਜ਼ਰ ਨੇ ਫੀਸ ਜਮ੍ਹਾਂ ਨਹੀਂ ਕਰਵਾਈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਗਰ ਕੌਂਸਲ ਬਰਨਾਲਾ ਸਿਰਫ਼ ਨੋਟਿਸ ਜਾਰੀ ਕਰਕੇ ਖਾਨਾਪੂਰਤੀ ਜਾਂ ਕਾਗਜ਼ੀ ਕਾਰਵਾਈ ਕਰ ਰਹੀ ਹੈ, ਜਦੋਂ ਕਿ ਹੁਣ ਤੱਕ ਕਾਲੋਨਾਈਜ਼ਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। – ਕਰੀਬ ਢਾਈ ਸਾਲ ਪਹਿਲਾਂ ਕੱਢਿਆ ਸੀ ਨੋਟਿਸ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਵੱਲੋਂ 23 ਜਨਵਰੀ 2023 ਨੂੰ ਸ਼ਹਿਰ ਦੇ ਕਾਲੋਨਾਈਜ਼ਰਾਂ ਨੂੰ ਸੀਵਰੇਜ ਕਨੈਕਸ਼ਨ ਫੀਸ ਤੁਰੰਤ ਜਮ੍ਹਾਂ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ। ਪਰ ਕਿਸੇ ਵੀ ਕਾਲੋਨਾਈਜ਼ਰ ਵੱਲੋਂ ਕੋਈ ਫੀਸ ਜਮ੍ਹਾਂ ਨਹੀਂ ਕਰਾਈ ਗਈ। ਪੂਰੇ ਇੱਕ ਸਾਲ ਬਾਅਦ 24 ਜਨਵਰੀ 2024 ਨੂੰ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੇ ਏਡੀਸੀ ਬਰਨਾਲਾ ਨੂੰ ਪੱਤਰ ਲਿਖ ਕੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਕਾਲੋਨਾਈਜ਼ਰਾਂ/ਬਿਲਡਰਾਂ ਨੇ ਸੀਵਰ ਕਨੈਕਟੀਵਿਟੀ ਫੀਸ ਨਗਰ ਕੌਂਸਲ ਬਰਨਾਲਾ ਨੂੰ ਜਮ੍ਹਾਂ ਨਹੀਂ ਕਰਵਾਈ ਹੈ। ਇਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਉਕਤ ਪੱਤਰ ਦੇ ਜਾਰੀ ਹੋਣ ਤੋਂ ਬਾਅਦ 4 ਫਰਵਰੀ 2025 ਨੂੰ ਏਡੀਸੀ ਨੂੰ ਲਿਖ ਕੇ ਦੱਸਿਆ ਗਿਆ ਕਿ ਕਾਲੋਨਾਈਜ਼ਰਾਂ ਨੂੰ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਸੀਵਰੇਜ ਕਨੈਕਟੀਵਿਟੀ ਫੀਸ ਜਮ੍ਹਾਂ ਨਹੀਂ ਕਰਵਾਈ ਹੈ। ਜਿਸ ਕਾਰਨ ਨਗਰ ਕੌਂਸਲ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸ ਲਈ ਸਬੰਧਤ ਕਾਲੋਨਾਈਜ਼ਰਾਂ ਖਿਲਾਫ ਪੰਜਾਬ ਭੂਮੀ ਮਾਲੀਆ ਐਕਟ ਤਹਿਤ ਭੂਮੀ ਮਾਲੀਆ ਦਾ ਬਕਾਇਆ ਘੋਸ਼ਿਤ ਕਰਕੇ ਬਕਾਇਆ ਸੀਵਰੇਜ ਕਨੈਕਸ਼ਨ ਫੀਸ ਵਸੂਲਣ ਦੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਉਕਤ ਕਾਲੋਨਾਈਜ਼ਰਾਂ ਤੋਂ ਸੀਵਰੇਜ ਕਨੈਕਟੀਵਿਟੀ ਚਾਰਜ ਵਸੂਲਣ ਲਈ ਤਹਿਸੀਲਦਾਰ ਬਰਨਾਲਾ ਨੂੰ ਪੱਤਰ ਲਿਖਿਆ ਜਾਵੇ ਅਤੇ ਇਨ੍ਹਾਂ ਕਾਲੋਨੀਆਂ ਵਿੱਚ ਕਾਲੋਨੀ ਮਾਲਕਾਂ ਕੋਲ ਪਏ ਅਣਵਿਕੇ ਪਲਾਟਾਂ ਦੀ ਰਜਿਸਟਰੀ ’ਤੇ ਰੋਕ ਲਗਾਈ ਜਾਵੇ। – ਸਰਕਾਰੀ ਖਜ਼ਾਨੇ ਨੂੰ ਨੁਕਸਾਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਨੈਕਸ਼ਨ ਫੀਸ ਜਮ੍ਹਾਂ ਨਾ ਹੋਣ ਕਾਰਨ ਕਾਲੋਨੀਆਂ ਵਿੱਚ ਸੀਵਰੇਜ ਕਨੈਕਸ਼ਨ ਦੇ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਾਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਸੀਵਰੇਜ ਬਿੱਲ ਅਜੇ ਤੱਕ ਚਾਲੂ ਨਹੀਂ ਹੋ ਪਾਏ ਹਨ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧ ਵਿੱਚ ਏਡੀਸੀ ਅਨੁਪ੍ਰਿਤਾ ਜੌਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਹੈ। ਇਸ ਲਈ ਹੁਣ ਮੁੜ੍ਹ ਤੋਂ ਕਾਲੋਨਾਈਜ਼ਰਾਂ ਨੂੰ ਸੀਵਰੇਜ ਕਨੈਕਸ਼ਨ ਫੀਸ ਜਮ੍ਹਾਂ ਕਰਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਨੋਟਿਸ ਦਾ ਜਵਾਬ ਮਿਲਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। Post navigation Previous Post ਬਰਨਾਲਾ ਦੇ ਇਕ ਬੈਂਕ ਦੀ ਮੈਨੇਜਰ ਨਾਲ ਮੈਟਰੀਮੋਨੀਅਲ ਐਪ ਰਾਹੀਂ ਲੱਖਾਂ ਦੀ ਠੱਗੀNext Postਭਾਖੜਾ ਡੈਮ ’ਤੇ ਸੀ.ਆਈ.ਐਸ.ਐਫ. ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ ਮੁੱਖ ਮੰਤਰੀ ਮਾਨ