ਹਸਪਤਾਲ ’ਚ ਰਾਤ ਸਮੇਂ ਨਸ਼ਾ ਕਰਨ ਵਾਲਿਆਂ ਤੋਂ ਦੁਖੀ ਨਰਸਿੰਗ ਸਟਾਫ਼ ਨੇ ਦਿੱਤਾ ਧਰਨਾ, ਹੜ੍ਹਤਾਲ ’ਤੇ ਜਾਣ ਦੀ ਦਿੱਤੀ ਚਿਤਾਵਨੀ

ਬਰਨਾਲਾ, 15 ਫ਼ਰਵਰੀ (ਰਵਿੰਦਰ ਸ਼ਰਮਾ) : ਸ਼ਨੀਵਾਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਸਟਾਫ਼ ਨੇ ਪ੍ਰਸ਼ਾਸਨ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਤੇ ਧਰਨਾ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਸਿਵਲ ਹਸਪਤਾਲ ’ਚ ਕੰਮ ਕਰਨ ਵਾਲੇ ਨਰਸਿੰਗ ਸਟਾਫ਼ ਨੂੰ ਰਾਤ ਸਮੇਂ ਨਸ਼ਾ ਕਰਨ ਵਾਲਿਆਂ ਤੇ ਸ਼ਰਾਰਤੀ ਅਨਸਰਾਂ ਵਲੋਂ ਤੰਗ ਕੀਤਾ ਜਾਂਦਾ ਹੈ। ਕਈ ਵਾਰ ਰਾਤ ਨੂੰ ਨਸ਼ਾ ਕਰਨ ਵਾਲੇ ਤੇ ਲੁਟੇਰੇ ਕਿਸਮ ਦੇ ਲੋਕ ਅੰਦਰ ਆ ਜਾਂਦੇ ਹਨ ਤੇ ਨਰਸਾਂ ਸਣੇ ਬਾਕੀ ਸਟਾਫ਼ ਨੂੰ ਵੀ ਤੰਗ ਕਰਦੇ ਹਨ। ਕਈ ਵਾਰ ਤਾਂ ਹਸਪਤਾਲ ’ਚ ਰਾਤ ਨੂੰ ਚੋਰੀ ਦੀ ਵੀ ਕੋਸ਼ਿਸ਼ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਸਟਾਫ਼ ਦੀ ਸੁਰੱਖਿਆ ਲਈ ਪੱਕੇ ਤੌਰ ’ਤੇ ਰਾਤ ਸਮੇਂ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਨੀਵਾਰਨੂੰ ਤਾਂ 3 ਘੰਟਿਆਂ ਲਈ ਸੰਕੇਤਿਕ ਧਰਨਾ ਦਿੱਤਾ ਗਿਆ ਹੈ ਤਾਂ ਜੋ ਪ੍ਰਸ਼ਾਸਨ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਸਕੇ। ਇਸ ਮੌਕੇ ਨਰਸਿੰਗ ਸਟਾਫ਼ ਤੋਂ ਜਸਪ੍ਰੀਤ ਕੌਰ ਤੇ ਦਿਲਪ੍ਰੀਤ ਨੇ ਕਿਹਾ ਕਿ ਹੁਣ ਤਾਂ ਰੋਜ਼ ਹੀ ਨਸ਼ਾ ਕਰਨ ਵਾਲੇ ਲੋਕ ਐਂਮਰਜੈਂਸੀ ਵਾਰਡ, ਸਪੈਸ਼ਲ ਵਾਰਡ ਤੇ ਜਨਰਲ ਵਾਰਡ ’ਚ ਦਾਖ਼ਲ ਹੋ ਜਾਂਦੇ ਹਨ ਤੇ ਨਰਸਿੰਗ ਸਟਾਫ਼ ਨੂੰ ਤੰਗ ਪਰੇਸ਼ਾਨ ਕਰਦੇ ਹਨ। ਇਸ ਤੋਂ ਇਲਾਵਾ ਕਈ ਦਿਨ ਪਹਿਲਾਂ ਐੱਮ.ਸੀ.ਐੱਚ ਵਾਰਡ ’ਚ ਕੁਝ ਨਸ਼ੇ ਕਰਨ ਵਾਲੇ ਵਿਅਕਤੀ ਬਾਥਰੂਮ ’ਚੋਂ ਫੜ੍ਹੇ ਗਏ ਸਨ, ਜਿੰਨ੍ਹਾਂ ਕੋਲੋਂ ਹਸਪਤਾਲ ’ਚੋਂ ਚੋਰੀਆਂ ਕੀਤੀਆਂ ਸਰਿੰਜ਼ਾਂ ਵੀ ਮਿਲੀਆਂ ਸਨ। ਹਸਪਤਾਲ ਦੀ ਐਂਮਰਜੈਂਸੀ ਦੇ ਪਿੱਛੇ ਨਸ਼ਾ ਛੁਡਾਊ ਕੇਂਦਰ ਹੋਣ ਕਰਕੇ ਇੱਥੇ ਨਸ਼ਾ ਛੁਡਾਊ ਗੋਲੀਆਂ ਲੈਣ ਲਈ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ, ਜੋ ਸਾਰਾ ਦਿਨ ਉੱਥੇ ਬੈਠੇ ਰਹਿੰਦੇ ਹਨ ਤੇ ਕਈ ਤਾਂ ਹਸਪਤਾਲ ਦੇ ਬਾਹਰ ਇਹ ਗੋਲੀਆਂ ਵੇਚਦੇ ਵੀ ਹਨ। ਇਸ ਤੋਂ ਇਲਾਵਾ ਹਸਪਤਾਲ ’ਚੋਂ ਕੈਂਚੀਆਂ, ਏ.ਸੀ. ਦੀਆਂ ਤਾਰਾਂ ਤੇ ਸਰਿੰਜ਼ਾਂ ਵੀ ਚੋਰੀ ਹੋਈਆਂ ਹਨ। ਸਾਰਾ ਦਿਨ ਇੰਨ੍ਹਾਂ ਲੋਕਾਂ ਦੇ ਉੱਥੇ ਘੁੰਮਦੇ ਰਹਿਣ ਕਾਰਨ ਨਰਸਿੰਗ ਸਟਾਫ਼ ਡਰ\ਭੈਅ ਹੇਠ ਕੰਮ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਹਸਪਤਾਲ ਸਟਾਫ਼ ਨੂੰ ਵੀ ਜਾਣੂ ਕਰਵਾਇਆ ਗਿਆ ਹੈ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੇ ਪੱਕੇ ਤੌਰ ’ਤੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣ ਤਾਂ ਜੋ ਨਰਸਿੰਗ ਸਟਾਫ਼ ਆਪਣੀ ਡਿਊਟੀ ਬਿਨਾਂ ਕਿਸੇ ਡਰ\ਭੈਅ ਤੋਂ ਕਰ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਸੋਮਵਾਰ ਤੋਂ ਪੱਕੇ ਤੌਰ ’ਤੇ ਹੜ੍ਹਤਾਲ ’ਤੇ ਚਲੇ ਜਾਣਗੇ, ਜਿਸਦੀ ਜਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.