ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ CIA ਸਟਾਫ਼ ਦੀ ਟੀਮ ਗ੍ਰਿਫ਼ਤਾਰ

ਫਗਵਾੜਾ, 23 ਮਈ (ਰਵਿੰਦਰ ਸ਼ਰਮਾ) : ਇੱਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਦੀ ਵਰਦੀ ’ਚ ਲੁਕੀਆਂ ਕੁਝ ਕਾਲੀਆਂ ਭੇਡਾਂ ਹੀ ਵਰਦੀ ਨੂੰ ਦਾਗਦਾਰ ਕਰ ਰਹੀਆਂ ਹਨ। ਮਾਮਲਾ ਕਪੂਰਥਲਾ ਦੇ ਫਗਵਾੜਾ ਸਬ-ਡਿਵੀਜ਼ਨ ਦਾ ਹੈ, ਜਿਥੇ ਸੀਆਈਏ ਟੀਮ ‘ਤੇ ਨਸ਼ਾ ਤਸਕਰ ਨੂੰ 2.5 ਲੱਖ ਦੀ ਰਿਸ਼ਵਤ ਲੈਕੇ ਛੱਡਣ ਦੇ ਇਲਜ਼ਾਮ ਲੱਗੇ ਹਨ। ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।

– ਰਿਸ਼ਵਤਖੋਰੀ ਦੇ ਦੋਸ਼ ਵਿੱਚ ਸੀਆਈਏ ਟੀਮ ਗ੍ਰਿਫ਼ਤਾਰ
ਕਪੂਰਥਲਾ ਪੁਲਿਸ ਨੇ ਰਿਸ਼ਵਤਖੋਰੀ ਦੇ ਦੋਸ਼ ਵਿੱਚ ਸੀਆਈਏ ਫਗਵਾੜਾ ਵਿੱਚ ਤਾਇਨਾਤ 4 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਸਵੇਰੇ ਪੂਰੀ ਟੀਮ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਇਸ ਦੀ ਪੁਸ਼ਟੀ ਜਿਥੇ ਐਸਐਸਪੀ ਕਪੂਰਥਲਾ ਨੇ ਕੀਤੀ ਹੈ ਤਾਂ ਉਥੇ ਹੀ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਵੀ ਖ਼ਬਰ ‘ਤੇ ਮੋਹਰ ਲਗਾਈ ਹੈ।
– ਤਸਕਰ ਨੂੰ ਭਜਾਉਣ ‘ਚ ਇੰਨ੍ਹਾਂ ਮੁਲਾਜ਼ਮਾਂ ਦਾ ਹੱਥ

ਉਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮਾਂ ਵਿੱਚ ਸੀਆਈਏ ਇੰਚਾਰਜ ਐਸਆਈ ਬਿਸਮਨ ਸਿੰਘ ਮਾਹੀ, ਏਐਸਆਈ ਨਿਰਮਲ ਕੁਮਾਰ, ਏਐਸਆਈ ਜਸਵਿੰਦਰ ਸਿੰਘ ਅਤੇ ਕਾਂਸਟੇਬਲ ਜਗਰੂਪ ਸਿੰਘ ਦੇ ਨਾਂ ਸ਼ਾਮਲ ਹਨ। ਜਿਸ ਦੀ ਪੁਸ਼ਟੀ ਖੁਦ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਕੀਤੀ ਹੈ।
– ਤਸਕਰ ਤੋਂ ਲਈ ਸੀ 2.5 ਲੱਖ ਦੀ ਰਿਸ਼ਵਤ
ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਨੇ ਤਸਕਰ ਹਨੀ ਨੂੰ ਆਪਣੀ ਹਿਰਾਸਤ ਵਿੱਚੋਂ ਛੁਡਾਉਣ ਲਈ ਲੱਗਭਗ 2.5 ਲੱਖ ਰੁਪਏ ਰਿਸ਼ਵਤ ਲਈ ਸੀ। ਸਿੰਗਲਾ ਦੇ ਅਨੁਸਾਰ, ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਹੈ ਅਤੇ ਪੁਲਿਸ ਵਿਭਾਗ ਵਿੱਚ ਦੋਸ਼ੀਆਂ ਨੂੰ ਬੇਨਕਾਬ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਚੱਲਦੇ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਾਲ ਹੀ ਵਰਦੀ ‘ਚ ਲੁਕੀਆਂ ਕਾਲੀਆਂ ਭੇਡਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।
ਅਦਾਲਤ ‘ਚ ਪੇਸ਼ ਕੀਤੀ ਜਾਵੇਗੀ ਗ੍ਰਿਫ਼ਤਾਰ CIA ਟੀਮ
ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੀ ਡਾਕਟਰੀ ਜਾਂਚ ਤੋਂ ਬਾਅਦ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਡੀਆਈਜੀ ਸਿੰਗਲਾ ਨੇ ਇਹ ਵੀ ਦੱਸਿਆ ਕਿ ਸਦਰ ਪੁਲਿਸ ਫਗਵਾੜਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਇੱਕ ਰਸਮੀ ਕੇਸ ਦਰਜ ਕਰ ਲਿਆ ਗਿਆ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.