Posted inMohali ਰਿਸ਼ਵਤ ਦੇ ਦੋਸ਼ਾਂ ‘ਚ ਘਿਰੇ ਪੰਜਾਬ ਪੁਲਿਸ ਦੇ ਏ.ਐੱਸ.ਆਈ. ਨੇ ਚੜ੍ਹਾਈ ਵਿਜੀਲੈਂਸ ਦੇ ਅਫਸਰ ‘ਤੇ ਗੱਡੀ, ਗੰਭੀਰ ਜ਼ਖਮੀ Posted by overwhelmpharma@yahoo.co.in Jun 6, 2025 Screenshot ਮੋਹਾਲੀ, 6 ਜੂਨ (ਰਵਿੰਦਰ ਸ਼ਰਮਾ) : ਸੜਕ ਹਾਦਸੇ ਵਿੱਚ ਮੌਤ ਦੇ ਮਾਮਲੇ ਦਾ ਰਾਜ਼ੀਨਾਮਾ ਕਰਵਾਉਣ ਬਦਲੇ ਰਿਸ਼ਵਤ ਮੰਗਣ ਦੇ ਦੋਸ਼ਾਂ ਵਿੱਚ ਘਿਰੇ ਮੋਹਾਲੀ ਪੁਲਿਸ ਦੇ ਏ.ਐਸ.ਆਈ. ਨੂੰ ਜਦੋਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਵਿਜੀਲੈਂਸ ਦੇ ਇੰਸਪੈਕਟਰ ‘ਤੇ ਕਾਰ ਚੜ੍ਹਾ ਦਿੱਤੀ। ਜਿਸ ਕਾਰਨ ਇੰਸਪੈਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਮੁਲਜ਼ਮ ਫਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਏ.ਐਸ.ਆਈ. ਕਮਲਪ੍ਰੀਤ ਸ਼ਰਮਾ ਵਜੋਂ ਹੋਈ ਹੈ, ਜੋਕਿ ਫਿਲਹਾਲ ਫਰਾਰ ਹੈ। ਇਹ ਹੈ ਮਾਮਲਾ ਵਿਜੀਲੈਂਸ ਨੂੰ ਹਰਜਿੰਦਰ ਸਿੰਘ ਵਾਸੀ ਭਟੌਲੀ ਆਨੰਦਪੁਰ ਸਾਹਿਬ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਪੇਸ਼ੇ ਤੋਂ ਡਰਾਈਵਰ ਹੈ। ਉਸਦਾ ਸਾਥੀ ਸਤੀਸ਼ ਕੁਮਾਰ ਵੀ ਡਰਾਈਵਰ ਹੈ। ਮੁਲਜ਼ਮ ਏ.ਐਸ.ਆਈ. ਸਨੇਟਾ ਚੌਕੀ ਇੰਚਾਰਜ ਸੀ। ਉਸਦੇ ਅਧੀਨ ਆਉਂਦੇ ਇਲਾਕੇ ਵਿੱਚ 30 ਮਈ ਨੂੰ ਉਸਦੇ ਦੋਸਤ ਤੋਂ ਇੱਕ ਐਕਸੀਡੈਂਟ ਹੋ ਗਿਆ ਸੀ, ਜਿਸ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਕਾਰਨ ਉਸਦੇ ਦੋਸਤ ‘ਤੇ ਕੇਸ ਦਰਜ ਹੋਇਆ ਸੀ। ਇਸ ਦੌਰਾਨ ਚੌਕੀ ਦੇ ਇੱਕ ਮੁਲਾਜ਼ਮ ਨੇ ਸਤੀਸ਼ ਦੇ ਪਰਿਵਾਰ ‘ਤੇ ਦਬਾਅ ਬਣਾਇਆ ਕਿ ਉਨ੍ਹਾਂ ਦੇ ਬੇਟੇ ਦਾ ਨੁਕਸਾਨ ਹੋ ਜਾਵੇਗਾ। ਇਸ ਤੋਂ ਬਾਅਦ, ਚੌਕੀ ਇੰਚਾਰਜ ਨੇ ਉਸਨੂੰ ਫੋਨ ਕਰਕੇ ਕਿਹਾ ਕਿ ਉਹ ਦੂਜੀ ਧਿਰ ਨਾਲ ਸਮਝੌਤਾ ਕਰਵਾ ਦੇਵੇਗਾ। ਇਸ ਲਈ ਉਸਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਪਹਿਲੀ ਕਿਸ਼ਤ ਵਜੋਂ 20 ਹਜ਼ਾਰ ਰੁਪਏ ਲੈਣ ਲਈ ਰਾਜ਼ੀ ਹੋ ਗਿਆ, ਪਰ ਉਸਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ, ਵਿਜੀਲੈਂਸ ਨੇ ਜਾਲ ਵਿਛਾਇਆ। ਚਾਰ ਮਈ ਨੂੰ ਮੁਲਜ਼ਮ ਸਨੇਟਾ ਚੌਕੀ ਇੰਚਾਰਜ ਨੇ ਪਹਿਲੀ ਕਿਸ਼ਤ ਵਜੋਂ 20 ਹਜ਼ਾਰ ਰੁਪਏ ਲਏ। ਵਿਜੀਲੈਂਸ ਇੰਸਪੈਕਟਰ ਵਰਿੰਦਰ ਸ਼ਰਮਾ ਦੀ ਅਗਵਾਈ ਵਾਲੀ ਟੀਮ ਜਦੋਂ ਉਸਦੀ ਗੱਡੀ ਕੋਲ ਪਹੁੰਚੀ ਅਤੇ ਆਪਣੀ ਪਛਾਣ ਦੱਸੀ ਤਾਂ ਦੋਸ਼ੀ ਨੇ ਗੱਡੀ ਭਜਾ ਲਈ। ਵਿਜੀਲੈਂਸ ਅਫਸਰ ਨੇ ਕਿਹਾ ਕਿ ਉਸ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇੱਕ ਸਿਪਾਹੀ ‘ਤੇ ਵੀ ਕਾਰ ਚੜ੍ਹਾਉਣ ਦੀ ਕੋਸ਼ਿਸ਼ ਹੋਈ। ਦੋਵੇਂ ਜ਼ਖਮੀ ਹੋ ਗਏ। ਜਿਕਰਯੋਗ ਹੈ ਕਿ ਕਮਲਪ੍ਰੀਤ ਸ਼ਰਮਾ ਦਾ ਤਬਾਦਲਾ ਸਾਲ 2024 ਵਿੱਚ ਮਾਨਸਾ ਤੋਂ ਮੋਹਾਲੀ ਹੋਇਆ ਸੀ। ਮਾਮਲਾ ਦਰਜ ਸੋਹਾਣਾ ਥਾਣੇ ਵਿੱਚ ਮੁਲਜ਼ਮ ਖ਼ਿਲਾਫ਼ ਧਾਰਾ 109 (ਕਤਲ ਕਰਨ ਦਾ ਇਰਾਦਾ), 132 (ਸਰਕਾਰੀ ਮੁਲਾਜ਼ਮ ਨੂੰ ਉਸਦੇ ਫਰਜ਼ਾਂ ਦੀ ਅਦਾਇਗੀ ਦੌਰਾਨ ਰੋਕਣ ਦੇ ਇਰਾਦੇ ਨਾਲ ਜ਼ੋਰਦਾਰ ਹਮਲਾ ਕਰਨਾ), 221 (ਸਰਕਾਰੀ ਮੁਲਾਜ਼ਮ ਦੇ ਕੰਮ ਵਿੱਚ ਰੁਕਾਵਟ ਪਾਉਣਾ) ਬੀ.ਐਨ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਦਕਿ ਵਿਜੀਲੈਂਸ ਨੇ ਦੋਸ਼ੀ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। Post navigation Previous Post ਨਾਬਾਲਗ ਲੜਕੇ ਨੇ ਡੇਢ ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਗ੍ਰਿਫ਼ਤਾਰNext Postਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਗਈ ਨੋਟਿਸ ਭੇਜਣ ਵਾਲਾ ਐੱਸ.ਐੱਸ.ਪੀ. ਮੁਅੱਤਲ