Posted inਬਰਨਾਲਾ ਬਰਨਾਲਾ ਸ਼ਹਿਰ : ਟ੍ਰੈਫਿਕ ਪੁਲਿਸ ਨੇ ਮਈ ਮਹੀਨੇ ਵਿੱਚ ਕੱਟੇ 604 ਚਲਾਨ, 5 ਲੱਖ ਰੁਪਏ ਤੋਂ ਵੱਧ ਰਾਸ਼ੀ ਵਸੂਲੀ Posted by overwhelmpharma@yahoo.co.in Jun 11, 2025 ਬਰਨਾਲਾ, 11 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਪੁਲਿਸ ਵੱਲੋਂ ਜਿੱਥੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਜੇਕਰ ਮਈ 2025 ਮਹੀਨੇ ਵਿੱਚ ਟ੍ਰੈਫਿਕ ਪੁਲਿਸ ਬਰਨਾਲਾ ਦੁਆਰਾ ਬਰਨਾਲਾ ਸ਼ਹਿਰ ਵਿੱਚ ਕੱਟੇ ਗਏ ਚਲਾਨਾਂ ਦੀ ਗੱਲ ਕਰੀਏ ਤਾਂ 1 ਮਈ ਤੋਂ 31 ਮਈ ਤੱਕ ਪੁਲਿਸ ਨੇ ਕੁੱਲ 604 ਚਲਾਨ ਕੱਟੇ ਹਨ, ਜਿਨ੍ਹਾਂ ਵਿੱਚੋਂ ਈ-ਚਲਾਨ ਸਮੇਤ 241 ਚਲਾਨ ਆਰ.ਟੀ.ਏ. ਦੇ, 62 ਚਲਾਨ ਮੌਕੇ ‘ਤੇ ਅਤੇ 301 ਚਲਾਨ ਮੌਕੇ ‘ਤੇ ਤੁਰੰਤ ਨਕਦ ਭਰਵਾਏ ਗਏ। ਈ-ਮਸ਼ੀਨ ਦੁਆਰਾ ਆਰ.ਟੀ.ਏ. ਦੇ ਕੱਟੇ ਗਏ 241 ਚਲਾਨਾਂ ਤੋਂ 2 ਲੱਖ 98 ਹਜ਼ਾਰ ਰੁਪਏ, ਮੌਕੇ ‘ਤੇ ਆਨਲਾਈਨ 62 ਚਲਾਨਾਂ ਤੋਂ 42 ਹਜ਼ਾਰ ਰੁਪਏ ਅਤੇ 301 ਨਕਦ ਚਲਾਨਾਂ ਤੋਂ 1 ਲੱਖ 61 ਹਜ਼ਾਰ 500 ਰੁਪਏ ਦੀ ਰਾਸ਼ੀ ਵਸੂਲੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਟ੍ਰੈਫਿਕ ਪੁਲਿਸ ਬਰਨਾਲਾ ਵਿੱਚ ਇਸ ਸਮੇਂ ਸਿਰਫ਼ 13 ਮੁਲਾਜ਼ਮ ਹੀ ਤਾਇਨਾਤ ਹਨ, ਜੋ ਜ਼ਿਲ੍ਹੇ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਸਮੇਤ ਵੀ.ਆਈ.ਪੀ. ਡਿਊਟੀ, ਸਕੂਲਾਂ/ਕਾਲਜਾਂ, ਕਲੱਬਾਂ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਵੀ ਲਗਾਉਂਦੇ ਹਨ। ਇਸ ਤੋਂ ਇਲਾਵਾ ਡਰਾਈਵਰਾਂ ਨੂੰ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸ਼ਹਿਰ ਵਿੱਚ ਕਈ ਸਥਾਨ ਅਜਿਹੇ ਹਨ ਜਿੱਥੇ ਟ੍ਰੈਫਿਕ ਦੀ ਸਮੱਸਿਆ ਕਾਫ਼ੀ ਹੈ ਅਤੇ ਕਰਮਚਾਰੀਆਂ ਦੀ ਕਮੀ ਕਾਰਨ ਲੰਮਾ ਸਮਾਂ ਜਾਮ ਲੱਗਦੇ ਹਨ। ਜੇਕਰ ਕਰਮਚਾਰੀਆਂ ਦੀ ਕਮੀ ਨਾ ਹੋਵੇ ਤਾਂ ਸ਼ਹਿਰ ਵਿੱਚ ਟ੍ਰੈਫਿਕ ਦੇ ਉਚਿਤ ਪ੍ਰਬੰਧ ਮੁਹੱਈਆ ਕਰਵਾਏ ਜਾ ਸਕਦੇ ਹਨ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਲੱਗਦੇ ਵੱਡੇ-ਵੱਡੇ ਟ੍ਰੈਫਿਕ ਜਾਮਾਂ ਤੋਂ ਰਾਹਤ ਮਿਲ ਸਕੇ। – ਟ੍ਰੈਫਿਕ ਪੁਲਿਸ ਬਰਨਾਲਾ ਦੀ ਟੀਮ ਇਸ ਸਮੇਂ ਜ਼ਿਲ੍ਹਾ ਟ੍ਰੈਫਿਕ ਪੁਲਿਸ ਬਰਨਾਲਾ ਵਿੱਚ ਇੰਚਾਰਜ ਇੰਸਪੈਕਟਰ ਪਵਨ ਕੁਮਾਰ, ਏ.ਐਸ.ਆਈ. ਗੁਰਚਰਨ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ, ਏ.ਐਸ.ਆਈ. ਗੁਰਜੀਤ ਸਿੰਘ, ਏ.ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ ਮੁਨਸ਼ੀ, ਏ.ਐਸ.ਆਈ. ਦੀਵਾਨ ਸਿੰਘ ਡਰਾਈਵਰ, ਹੌਲਦਾਰ ਮਨਦੀਪ ਸਿੰਘ, ਹੌਲਦਾਰ ਬਲਬੀਰ ਸਿੰਘ, ਹੌਲਦਾਰ ਹਰਬੰਸ ਸਿੰਘ, ਹੌਲਦਾਰ ਹਰਪ੍ਰੀਤ ਕੌਰ, ਹੌਲਦਾਰ ਅਮਨਦੀਪ ਕੌਰ, ਹੌਲਦਾਰ ਰਣਜੀਤ ਕੌਰ, ਹੌਲਦਾਰ ਲਕਸ਼ਮੀ ਆਦਿ ਮੁਲਾਜ਼ਮ ਸ਼ਾਮਲ ਹਨ। – ਪੁਲਿਸ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ : ਇੰਚਾਰਜ ਪਵਨ ਕੁਮਾਰ ‘ਪੰਜਾਬ ਨਿਊਜ਼ ਐਂਡ ਵਿਊਜ਼’ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਸ਼ਹਿਰ ਵਿੱਚ ਜ਼ਿਆਦਾ ਭੀੜ-ਭੜੱਕੇ ਵਾਲੇ ਸਥਾਨਾਂ ‘ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਤਾਂ ਜੋ ਜਾਮ ਦੀ ਸਮੱਸਿਆ ਪੈਦਾ ਨਾ ਹੋਵੇ। ਇਸ ਤੋਂ ਇਲਾਵਾ ਵੱਖ-ਵੱਖ ਸਥਾਨਾਂ ‘ਤੇ ਨਾਕਾਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਇਸ ਨਾਲ ਆਮ ਲੋਕਾਂ ਦਾ ਜਾਨੀ ਅਤੇ ਵਿੱਤੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਹੈ ਤਾਂ ਉਸਦੇ ਅਭਿਭਾਵਕਾਂ ਨੂੰ 3 ਸਾਲ ਦੀ ਸਜ਼ਾ ਜਾਂ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜਿਸ ਵਿਅਕਤੀ ਦੁਆਰਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਾਹਨ ਦਿੱਤਾ ਜਾਵੇਗਾ, ਉਸ ਵਿਅਕਤੀ ਨੂੰ ਵੀ 3 ਸਾਲ ਦੀ ਸਜ਼ਾ ਜਾਂ ਜੁਰਮਾਨਾ ਹੋ ਸਕਦਾ ਹੈ। Post navigation Previous Post ਲੋਨ ਦਵਾਉਣ ਦਾ ਝਾਂਸਾ ਦੇ ਕੇ ਮਾਰੀ 91 ਹਜ਼ਾਰ ਦੀ ਠੱਗੀ, ਸਾਈਬਰ ਕ੍ਰਾਈਮ ਬ੍ਰਾਂਚ ਬਰਨਾਲਾ ਨੇ ਕੀਤਾ ਮਾਮਲਾ ਦਰਜNext Postਵਕੀਲ ਨੇ ਸਕਿਊਰਟੀ ਲੈਣ ਲਈ ਖੁਦ ਉੱਤੇ ਕਰਵਾਈ ਫਾਇਰਿੰਗ, ਗ੍ਰਿਫ਼ਤਾਰ