– ਅਧਿਕਾਰੀ ਏਸੀ ਕਮਰਿਆਂ ’ਚ, ਲੋਕ ਪਰੇਸ਼ਾਨ

ਬਰਨਾਲਾ, 12 ਜੂਨ (ਰਵਿੰਦਰ ਸ਼ਰਮਾ) : ਪੰਜਾਬ ਤੇ ਉਤਰੀ ਭਾਰਤ ’ਚ ਗਰਮੀ ਆਪਣੇ ਸਿਖਰਾਂ ’ਤੇ ਹੈ ਤੇ ਬੱਸਾਂ ’ਚ ਸਫਰ ਕਰਨ ਵਾਲੇ ਲੋਕਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਬਰਨਾਲਾ ਦੇ ਬੱਸ ਸਟੈਂਡ `ਤੇ ਭਿਆਨਕ ਗਰਮੀ ਦੇ ਬਾਵਜੂਦ ਪੀਣ ਵਾਲੇ ਪਾਣੀ, ਹਵਾ ਲਈ ਪੱਖੇ ਤੇ ਬੈਠਣ ਦੇ ਪ੍ਰਬੰਧਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਟਰੱਸਟ ਦੇ ਅਧਿਕਾਰੀ ਖੁਦ ਏਸੀ ਕਮਰਿਆਂ ’ਚ ਬੈਠ ਕੇ ਆਨੰਦ ਮਾਣ ਰਹੇ ਹਨ। ਬਰਨਾਲਾ ਦਾ ਬੱਸ ਸਟੈਂਡ `ਤੇ ਲੋਕਾਂ ਨੇ ਇਸ ਮੁੱਦੇ `ਤੇ ਨਗਰ ਸੁਧਾਰ ਟਰੱਸਟ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਬੱਸ ਸਟੈਂਡ `ਤੇ ਕੰਮ ਕਰਨ ਵਾਲੇ ਲੋਕ ਤੇ ਯਾਤਰੀ ਰਣਵੀਰ ਸਿੰਘ, ਹਰਵਿੰਦਰ ਸਿੰਘ, ਦਲਜੀਤ ਸਿੰਘ, ਤੇਜਿੰਦਰ ਸਿੰਘ, ਕਰਮਜੀਤ ਕੌਰ, ਰਾਜ ਖਾਨ, ਗੁਰਮੀਤ ਸਿੰਘ ਨੇ ਦੱਸਿਆ ਕਿ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ ਤੇ ਦੁਪਹਿਰ ਸਮੇਂ ਤਾਪਮਾਨ 45 ਡਿਗਰੀ ਤੋਂ ਪਾਰ ਹੁੰਦਾ ਹੈ। ਅਜਿਹੇ ਸਮੇਂ ਬਰਨਾਲਾ ਬੱਸ ਅੱਡੇ `ਤੇ ਬੈਠਣ ਲਈ ਕੋਈ ਢੁੱਕਵੀਂ ਜਗ੍ਹਾ ਨਹੀਂ ਹੈ ਤੇ ਨਾ ਹੀ ਬੱਸ ਅੱਡੇ `ਤੇ ਲੱਗੇ ਪੱਖੇ ਕੰਮ ਕਰ ਰਹੇ ਹਨ ਤੇ ਨਾ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨੀ ਭਿਆਨਕ ਗਰਮੀ ’ਚ ਲੋਕ ਪਾਣੀ ਤੇ ਹਵਾ ਤੋਂ ਬਿਨਾਂ ਖੜ੍ਹੇ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਗਰਮੀ ਕਾਰਨ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਨਗਰ ਸੁਧਾਰ ਟਰੱਸਟ ਵੱਲੋਂ ਬੱਸ ਅੱਡੇ ’ਚ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਨਹੀਂ ਕੀਤਾ ਹੈ, ਜਿਸ ਕਾਰਨ ਬੱਚੇ, ਬਜ਼ੁਰਗ, ਔਰਤਾਂ, ਹਰ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

