ਪੰਜਾਬ ’ਚ ਗਰਮੀ ਨਾਲ ਦੂਜੀ ਮੌਤ, ਹੁਣ ਮੋਗਾ ਦੇ ਨੌਜਵਾਨ ਦੀ ਗਈ ਜਾਨ

ਮੋਗਾ, 13 ਜੂਨ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਵਧਦੇ ਤਾਪਮਾਨ ਕਾਰਨ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਗਰਮੀ ਹੁਣ ਬੇਹੱਦ ਜਾਨਲੇਵਾ ਬਣ ਦੀ ਜਾ ਰਹੀ ਹੈ ਅਤੇ ਗਰਮੀ ਨੇ ਆਪਣਾ ਕਹਿਰ ਢਾਹਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ੁੱਕਰਵਾਰ ਨੂੰ ਕੋਟਕਪੂਰਾ ਰੋਡ ‘ਤੇ ਪੈਂਦੇ ਪਿੰਡ ਕੋਠੇ ਪੱਤੀ ਮੁਹੱਬਤ ਦੇ ਨੇੜੇ ਇੱਕ ਨੌਜਵਾਨ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਸਮਾਜ ਸੇਵਾ ਸੋਸਾਇਟੀ ਮੋਗਾ ਨੇ ਮ੍ਰਿਤਕ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।   
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਸਤੇ ਵਿਚ ਜਾ ਰਿਹਾ ਸੀ ਤਾਂ ਅਚਾਨਕ ਗਰਮੀ ਨਾਲ ਬੇਹੋਸ਼ ਹੋ ਕੇ ਡਿੱਗ ਪਿਆ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਇਸਦੀ ਨਾਜ਼ੁਕ ਹਾਲਤ ਦੇਖ ਕੇ ਤੁਰੰਤ ਮੋਗਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਤੇਜ਼ ਗਰਮੀ ਦੇ ਕਾਰਨ ਹੋਣ ਦਾ ਖਦਸ਼ਾ ਹੈ। ਹਾਲਾਂਕਿ, ਅਸਲ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ।
ਇਸ ਮੌਕੇ ਸਮਾਜ ਸੇਵਾ ਸੋਸਾਇਟੀ ਮੋਗਾ ਦੇ ਸੇਵਾਦਾਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਸ਼ਨਾਖਤ ਲਈ ਮੋਗਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ 72 ਘੰਟਿਆਂ ਲਈ ਲਾਸ਼ ਦੀ ਪਛਾਣ ਕਰਵਾਈ ਜਾਵੇਗੀ। ਇਸ ਮੌਕੇ ਪੁਲਿਸ ਅਤੇ ਸਮਾਜ ਸੇਬੀ ਸੰਸਥਾਵਾਂ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵਧਦੀ ਗਰਮੀ ਦੌਰਾਨ ਬਿਨ੍ਹਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਣ, ਲੂ ਤੋਂ ਬਚਾਅ ਲਈ ਵੱਧ ਤੋਂ ਵੱਧ ਠੰਢਾ ਪਾਣੀ ਜਾ ਕੋਈ ਤਰਲ ਪਦਾਰਥ ਪੀਣ, ਸਿਰ ‘ਤੇ ਕੱਪੜਾ ਅਤੇ ਹੋਰ ਸੁਰੱਖਿਆ ਉਪਾਅ ਜ਼ਰੂਰ ਵਰਤਣ।
ਦੱਸ ਦੇਈਏ ਕਿ ਬੀਤੇ ਦਿਨੀਂ ਗਰਮੀ ਅਤੇ ਲੂ ਕਰਕੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ‘ਤੇ ਇੱਕ 62 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਜਿਸ ਦੀ ਪਛਾਣ ਵਿਜੇ ਕੁਮਾਰ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਅਕਤੀ ਹਿਮਾਚਲ ਵਿੱਚ ਪੇਂਟ ਦਾ ਕੰਮ ਕਰਦਾ ਸੀ ਤੇ ਹਿਮਾਚਲ ਤੋਂ ਵਾਪਸ ਆਉਂਦੇ ਸਮੇਂ ਰੇਲਵੇ ਸਟੇਸ਼ਨ ‘ਤੇ ਆਰਾਮ ਕਰ ਰਿਹਾ ਸੀ ਪਰ ਗਰਮੀ ਕਰਕੇ ਹਾਰਟ ਅਟੈਕ ਹੋ ਗਿਆ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.