Posted inਬਰਨਾਲਾ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ : ਨਸ਼ਾ ਵੇਚ ਕੇ ਬਣਾਈ ਨਜਾਇਜ਼ ਪ੍ਰਾਪਰਟੀ ਨੂੰ ਕੀਤਾ ਢਹਿ-ਢੇਰੀ Posted by overwhelmpharma@yahoo.co.in Jun 14, 2025 ਬਰਨਾਲਾ, 14 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਵਿਖੇ ਨਸ਼ਾ ਤਸਕਰ ਦੇ ਘਰ ਉਪਰ ਪੁਲਿਸ ਅਤੇ ਨਗਰ ਸੁਧਾਰ ਟਰੱਸਟ ਨੇ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾਇਆ ਤੇ ਨਸ਼ਾ ਵੇਚ ਕੇ ਬਣਾਏ ਘਰ ਅਤੇ ਨਜ਼ਾਇਜ਼ ਉਸਾਰੀ ਦੇ ਘਰ ਨੂੰ ਢਾਹਿਆ ਗਿਆ ਹੈ। ਪੁਲਿਸ ਅਨੁਸਾਰ ਨਸ਼ਾ ਤਸਕਰ ਦੇ ਪਰਿਵਾਰ ਉਪਰ 16 ਕੇਸ ਦਰਜ ਹਨ ਅਤੇ ਇੱਕ ਪਰਿਵਾਰਕ ਮੈਂਬਰ ਅਜੇ ਵੀ ਜੇਲ੍ਹ ਵਿੱਚ ਹੈ। ਐਸਐਸਪੀ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸਿਆ ਨਹੀਂ ਜਾਵੇਗਾ ਅਤੇ ਨਸ਼ਾ ਵੇਚ ਕੇ ਬਣਾਈ ਪ੍ਰਾਪਰਟੀ ਇਸੇ ਤਰ੍ਹਾਂ ਖ਼ਤਮ ਕੀਤੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਕਿਹਾ ਕਿ “ਸੀਐਮ ਪੰਜਾਬ ਤੇ ਡੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਨਸ਼ਾ ਤਸਕਰ ਵਿਰੁੱਧ ਕਾਰਵਾਈ ਕੀਤੀ ਗਈ ਹੈ। ਅੱਜ ਬਰਨਾਲਾ ਦੇ ਬੱਸ ਸਟੈਂਡ ਦੇ ਬੈਕ ਸਾਈਡ ਸੈਂਸੀ ਬਸਤੀ ਹੈ, ਇੱਕ ਨਸ਼ਾ ਤਸਕਰ ਪਰਿਵਾਰ ਵੱਲੋਂ ਨਸ਼ਾ ਵੇਚ ਕੇ ਬਣਾਈ ਨਜਾਇਜ਼ ਪ੍ਰਾਪਰਟੀ ਨੂੰ ਢਹਿ-ਢੇਰੀ ਕੀਤਾ ਗਿਆ ਹੈ। ਇਸ ਪਰਿਵਾਰ ਵਲੋਂ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਉਪਰ ਨਜਾਇਜ਼ ਉਸਾਰੀ ਕੀਤੀ ਹੋਈ ਸੀ, ਜਿਸ ਉਪਰ ਨਗਰ ਸੁਧਾਰ ਟਰੱਸਟ ਵਲੋਂ ਕਾਰਵਾਈ ਕੀਤੀ ਗਈ ਹੈ। ਜਿਸ ਲਈ ਪੁਲਿਸ ਪ੍ਰਸ਼ਾਸ਼ਨ ਨੇ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਸ ਪਰਿਵਾਰ ਵਲੋਂ ਸਰਕਾਰੀ ਪ੍ਰਾਪਰਟੀ ’ਤੇ ਵੱਡੇ ਪੱਧਰ ’ਤੇ ਉਸਾਰੀ ਕੀਤੀ ਹੋਈ ਸੀ। ਇਹ ਸਾਰੀ ਇਮਾਰਤ ਨਸ਼ਾ ਤਸਕਰੀ ਨਾਲ ਬਣਾਈ ਗਈ ਹੈ। ਇਸ ਮੌਕੇ ਐਸਪੀ ਅਸ਼ੋਕ ਸ਼ਰਮਾ, ਡੀਐਸਪੀ ਸਤਵੀਰ ਸਿੰਘ ਬੈਂਸ, ਸੀਆਈਏ ਸਟਾਫ ਦੇ ਇੰਚਾਰਜ ਇੰਸ. ਬਲਜੀਤ ਸਿੰਘ, ਥਾਣਾ ਸਿਟੀ-1 ਦੇ ਮੁਖੀ ਲਖਵਿੰਦਰ ਸਿੰਘ, ਥਾਣਾ ਸਿਟੀ-2 ਦੇ ਮੁਖੀ ਚਰਨਜੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ। ਪੂਰੇ ਪਰਿਵਾਰ ਉੱਤੇ 16 ਕੇਸ ਦਰਜ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਸਾਰਾ ਹੀ ਪਰਿਵਾਰ ਨਸ਼ਾ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਰਵੀ ਸਿੰਘ ਪੁੱਤਰ ਗੁਰਮੇਲ ਸਿੰਘ, ਅਜਮੇਰ ਕੌਰ ਪਤਨੀ ਗੁਰਮੇਲ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਪੂਰੇ ਪਰਿਵਾਰ ਉੱਤੇ 16 ਕੇਸ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸੈਂਸੀ ਬਸਤੀ ਦੀ ਪੂਰੀ ਪੁਲਿਸ ਵਲੋਂ ਨਜ਼ਰ ਰੱਖੀ ਜਾ ਰਹੀ ਹੈ। ਇਸ ਦਾ ਪੂਰਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਇਕੱਲੇ-ਇਕੱਲੇ ਘਰ ਨੂੰ ਨੰਬਰ ਮਾਰਕ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਨਜਾਇਜ਼ ਉਸਾਰੀ ਕੀਤੀ ਗਈ ਹੈ। ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਸ ਉਪਰੰਤ ਉਨ੍ਹਾਂ ਦੇ ਘਰਾਂ ਨੂੰ ਢਾਹ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਅਨੁਸਾਰ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰਿਆਂ ਉਪਰ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ। Post navigation Previous Post ਬਰਨਾਲਾ ’ਚ ਨੂੰਹ-ਸੱਸ ਤੋਂ ਮੋਟਰਸਾਈਕਲ ਸਵਾਰਾਂ ਨੇ ਦਿਨ-ਦਿਹਾੜੇ ਕੀਤੀ ਲੁੱਟ, ਦਹਿਸ਼ਤ ਦਾ ਮਾਹੌਲNext Postਕੇਸ਼ਵ ਮਿੱਤਲ ਨੇ ਨੀਟ ਦੇ ਆਏ ਨਤੀਜੇ ਵਿਚ ਹਾਸਲ ਕੀਤਾ ਸੱਤਵਾਂ ਰੈਕ