ਸਰਕਾਰ ਮੀਟਿੰਗ ਤੋਂ ਮੁੱਕਰੀ, ਬੇਰੁਜ਼ਗਾਰਾਂ ਨੇ ਪੁਤਲਾ ਫੂਕਿਆ

ਸਰਕਾਰ ਮੀਟਿੰਗ ਤੋਂ ਮੁੱਕਰੀ, ਬੇਰੁਜ਼ਗਾਰਾਂ ਨੇ ਪੁਤਲਾ ਫੂਕਿਆ

ਬਰਨਾਲਾ, 18 ਜੂਨ (ਰਵਿੰਦਰ ਸ਼ਰਮਾ) : ਪਿਛਲੇ ਦਿਨੀਂ ਲੁਧਿਆਣਾ ਦੀ ਜ਼ਿਮਨੀ ਚੋਣ ਵਿੱਚ ਰੋਸ ਪ੍ਰਦਰਸ਼ਨ ਕਰਨ ਪੁੱਜੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਦਫਤਰ ਤੋਂ 18 ਜੂਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਲਿਖਤੀ ਮੀਟਿੰਗ ਮਿਲੀ ਸੀ। ਜਿਹੜੀ ਕਿ ਪਿਛਲੇ ਕਰੀਬ ਸਵਾ ਤਿੰਨ ਸਾਲਾਂ ਵਾਂਗ ਰੱਦ ਕਰ ਦਿੱਤੀ ਗਈ।ਇਸ ਉੱਤੇ ਰੋਸ ਜ਼ਹਿਰ ਕਰਦਿਆਂ ਫੌਰੀ ਤੌਰ ਉੱਤੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ। ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ,ਸਿਹਤ ਵਿਭਾਗ ਵਿੱਚ ਇਨਕਲਾਬੀ ਬਦਲਾਅ ਲਿਆਉਣ,ਲੈਕਚਰਾਰ ਅਤੇ ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ,ਉਮਰ ਹੱਦ ਛੋਟ ਦੇਣ,ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਪ੍ਰਤੀਸ਼ਤ ਅੰਕ ਲਾਜ਼ਮੀ ਨੂੰ ਰੱਦ ਕਰਨ ਤੋਂ ਮੁਨਕਰ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਸਵਾ ਤਿੰਨ ਸਾਲਾਂ ਵਿੱਚ ਸਿੱਖਿਆ ਵਿਭਾਗ ਅੰਦਰ ਐਨ ਟੀ ਟੀ,ਈਟੀਟੀ, ਮਾਸਟਰ ਕੇਡਰ,ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਅਤੇ ਪ੍ਰੋਫੈਸਰ ਪੱਧਰ ਦੀ ਇੱਕ ਵੀ ਪੋਸਟ ਨਹੀਂ ਕੱਢੀ। ਮੁੱਖ ਮੰਤਰੀ ਵੱਲੋਂ ਕੀਤੇ ਉਮਰ ਹੱਦ ਛੋਟ ਦੇਣ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ।ਇਸ ਲਈ ਸਿਤਮ ਇਹ ਵੀ ਹੈ ਕਿ ਮਸਲੇ ਹੱਲ ਕਰਨੇ ਦੂਰ ਰਹੇ ਸਗੋ ਅਨੇਕਾਂ ਵਾਰ ਮੀਟਿੰਗਾਂ ਦੇ ਕੇ ਰੱਦ ਕੀਤੀਆਂ ਹਨ।ਜਿਸ ਕਾਰਨ ਬੇਰੁਜ਼ਗਾਰਾਂ ਨੂੰ ਖੱਜਲ ਖ਼ੁਆਰੀਆਂ ਭੁਤਗਣੀਆ ਪੈਂ ਰਹੀਆਂ ਹਨਇਸਦੇ ਰੋਸ ਵਜੋ ਸਥਾਨਕ ਚਿੰਟੂ ਪਾਰਕ ਵਿੱਚ ਇਕੱਠੇ ਹੋ ਕੇ ਰੋਸ ਕਰਨ ਮਗਰੋ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।ਮੋਰਚੇ ਦੇ ਸੀਨੀਅਰ ਆਗੂ ਅਮਨ ਸੇਖਾ ਅਤੇ ਜਗਸੀਰ ਸਿੰਘ ਜੱਗੀ ਜਲੂਰ ਨੇ ਕਿਹਾ ਕਿ ਜੇਕਰ ਜਲਦੀ ਮੀਟਿੰਗ ਨਾ ਕੀਤੀ ਤਾਂ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਕੌਰ ਦਾਨਗੜ੍ਹ,ਰਣਜੀਤ ਕੌਰ, ਗਗਨਦੀਪ ਕੌਰ ਭਦੌੜ, ਗੁਰਪ੍ਰੀਤ ਕੌਰ ਬਰਨਾਲਾ, ਸਿਮਰਨਜੀਤ ਕੌਰ ਬਰਨਾਲਾ, ਮਨਪ੍ਰੀਤ ਕੌਰ, ਬਲਵਿੰਦਰ ਕੌਰ ਬਰਨਾਲਾ, ਅਮਨਦੀਪ ਕੌਰ, ਸੁਮਨਦੀਪ ਕੌਰ ਬਰਨਾਲਾ, ਸਰਬਜੀਤ ਕੌਰ ਬਰਨਾਲਾ, ਕਮਲਜੀਤ ਕੌਰ ਬਰਨਾਲਾ, ਸਵਰਨਜੀਤ ਕੌਰ ਭਦੌੜ, ਮਨਜੀਤ ਕੌਰ ਬਰਨਾਲਾ, ਕੁਲਦੀਪ ਕੁਮਾਰ ਠੀਕਰੀਵਾਲ, ਹਰਪ੍ਰੀਤ ਸਿੰਘ ਬਰਨਾਲਾ,ਕਸ਼ਮੀਰ ਸਿੰਘ ਕਾਲੇਕੇ, ਮਨਪ੍ਰੀਤ ਸਿੰਘ ਖੇੜੀ ਕਲਾਂ ਅਤੇ ਰਾਜਾ ਸਿੰਘ ਚੀਮਾ ਆਦਿ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.