Skip to content

ਮੁਕਤਸਰ, 19 ਜੂਨ (ਰਵਿੰਦਰ ਸ਼ਰਮਾ) : ਪੰਜਾਬ ’ਚ ਇੱਕ ਕਾਨੂੰਨਗੋ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਲਾਸ਼ ਦੇ ਕੋਲ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿੱਚ ਮ੍ਰਿਤਕ ਨੇ ਕੋਟਕਪੂਰਾ ਦੇ ਤਿੰਨ ਲੋਕਾਂ ‘ਤੇ ਪੈਸਿਆਂ ਲਈ ਵਾਰ-ਵਾਰ ਤੰਗ ਕਰਨ ਦਾ ਦੋਸ਼ ਲਗਾਇਆ ਹੈ।ਮ੍ਰਿਤਕ ਮੁਕਤਸਰ ਦੇ ਲੇਨ ਨੰਬਰ 2 ਸਥਿਤ ਮਿਡਵੇ ਕਲੋਨੀ ਦਾ ਰਹਿਣ ਵਾਲਾ ਸੀ।ਮ੍ਰਿਤਕ ਦੀ ਪਤਨੀ ਦੇ ਬਿਆਨ ‘ਤੇ ਸਦਰ ਪੁਲਿਸ ਸਟੇਸ਼ਨ ਨੇ ਕੋਟਕਪੂਰਾ ਦੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਦਰ ਪੁਲਿਸ ਸਟੇਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਕੇਵਲਪ੍ਰੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮਿਡਵੇ ਕਲੋਨੀ, ਲੇਨ ਨੰਬਰ 2, ਨੇੜੇ ਚੱਕ ਬੀੜ ਸਰਕਾਰ, ਮੁਕਤਸਰ ਨੇ ਦੱਸਿਆ ਕਿ ਉਸਦੇ ਪਤੀ ਕਾਨੂੰਨਗੋ ਜਸਵਿੰਦਰ ਸਿੰਘ (35) ਨੂੰ ਕੋਟਕਪੂਰਾ ਦੇ ਤਿੰਨ ਲੋਕ ਪੈਸਿਆਂ ਲਈ ਤੰਗ ਕਰਦੇ ਸਨ ਅਤੇ ਅਕਸਰ ਪੈਸੇ ਦੀ ਮੰਗ ਕਰਦੇ ਸਨ। ਜਿਸ ਕਾਰਨ ਉਸਦੇ ਪਤੀ ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਾਨੂੰਨਗੋ ਦੀ ਪਤਨੀ ਦੇ ਬਿਆਨ ’ਤੇ ਪੁਲਿਸ ਨੇ ਇਮਰੋਜ਼ਪ੍ਰੀਤ ਸਿੰਘ ਨਿਵਾਸੀ ਦੇਵੀ ਲਾਲ ਰੋਡ ਕੋਟਕਪੂਰਾ, ਰਾਜਵਿੰਦਰ ਸਿੰਘ ਉਰਫ਼ ਲਾਟੂ ਨਿਵਾਸੀ ਕੋਟਕਪੂਰਾ ਅਤੇ ਪਾਲਾ ਨਿਵਾਸੀ ਕੋਟਕਪੂਰਾ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
Scroll to Top