Skip to content

– ਕਿਹਾ : ਕੇਸ਼ਵ ਨੇ ਰਾਜ ਵਿੱਚ ਪਹਿਲਾ ਅਤੇ ਦੇਸ਼ ਵਿੱਚ ਸੱਤਵਾਂ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਵਧਾਇਆ ਮਾਣ
ਬਰਨਾਲਾ, 19 ਜੂਨ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਆਈ.ਏ.ਐੱਸ. ਨੇ ਵੀਰਵਾਰ ਨੂੰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਯੂਜੀ (ਅੰਡਰ ਗ੍ਰੈਜੂਏਟ) ਨੀਟ ਇਮਤਿਹਾਨ ‘ਚੋਂ ਸੂਬੇ ਵਿਚੋਂ ਅੱਵਲ ਆਉਣ ਵਾਲੇ ਤਪਾ ਦੇ ਕੇਸ਼ਵ ਮਿੱਤਲ (17 ਸਾਲ) ਦਾ ਸਨਮਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਰਾਜ ਵਿੱਚ ਪਹਿਲਾ ਸਥਾਨ ਅਤੇ ਦੇਸ਼ ਵਿੱਚ ਸੱਤਵਾਂ ਸਥਾਨ ਪ੍ਰਾਪਤ ਕਰਨ ਲਈ ਕੇਸ਼ਵ ਦੀ ਸ਼ਲਾਘਾ ਕਰਦੇ ਹੋਏ ਕੇਸ਼ਵ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਅਕਾਦਮਿਕ ਧਾਰਾ ਦੀ ਚੋਣ ਕਰਦੇ ਸਮੇਂ ਕਰੀਅਰ ਦੀਆਂ ਸੰਭਾਵਨਾਵਾਂ ਦਾ ਅਨੁਮਾਨ ਲਗਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਕੂਲ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਵਿਦਿਆਰਥੀਆਂ ਦੀ ਕਰੀਅਰ ਕਾਉਂਸਲਿੰਗ ਕਰਦੀ ਹੈ ਤਾਂ ਜੋ ਵਿਦਿਆਰਥੀ ਆਪਣੇ ਕਰੀਅਰ ਬਾਰੇ ਬਿਹਤਰ ਫੈਸਲੇ ਲੈ ਸਕਣ।
ਇਸ ਮੌਕੇ ਕੇਸ਼ਵ ਨੇ ਦੱਸਿਆ ਕਿ ਉਹ ਨਿਯਮਿਤ ਤੌਰ ‘ਤੇ ਵੱਖ-ਵੱਖ ਵਿਸ਼ਿਆਂ ਵਿੱਚ ਆਪਣੀ ਮੁਹਾਰਤ ਦੀ ਪਰਖ ਕਰਨ ਲਈ ਵੱਖ-ਵੱਖ ਪੱਧਰਾਂ ਦੇ ਮੌਕ ਟੈਸਟਾਂ ਦੇ ਨਾਲ-ਨਾਲ ਹੋਰ ਰਾਸ਼ਟਰੀ ਪੱਧਰ ਦੇ ਓਲੰਪੀਆਡ ਵੀ ਦੇ ਰਿਹਾ ਹੈ। ਕੇਸ਼ਵ ਨੇ ਅੱਗੇ ਕਿਹਾ ਕਿ ਉਸ ਦੇ ਅਧਿਆਪਕਾਂ ਨੇ ਉਸ ਨੂੰ ਵਿਸ਼ਿਆਂ ਦੀ ਚੋਣ ਵਿੱਚ ਸਲਾਹ ਦਿੱਤੀ ਅਤੇ ਡਾਕਟਰ ਬਣਨ ਦੇ ਉਸ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਾਰਗਦਰਸ਼ਨ ਕੀਤਾ।
ਇਸ ਮੌਕੇ ਐਸਡੀਐਮ ਤਪਾ ਸਿਮਰਪ੍ਰੀਤ ਕੌਰ ਪੀ ਸੀ ਐੱਸ, ਕੇਸ਼ਵ ਦੇ ਪਿਤਾ ਡਾ. ਪ੍ਰਬੋਧ ਮਿੱਤਲ, ਮਾਤਾ ਸ੍ਰੀਮਤੀ ਸੁਨੀਤਾ ਮਿੱਤਲ, ਦਾਦਾ ਸ੍ਰੀ ਕੇਵਲ ਕ੍ਰਿਸ਼ਨ ਮਿੱਤਲ ਵੀ ਮੌਜੂਦ ਸਨ।
Scroll to Top