Skip to content

ਚੰਡੀਗੜ੍ਹ, 19 ਜੂਨ (ਰਵਿੰਦਰ ਸ਼ਰਮਾ): ਪੰਜਾਬ ਦੇ ਇੱਕ ਸਰਕਾਰੀ ਹਸਪਤਾਲ ਦੇ ਡਾਕਟਰ ਵੱਲੋਂ ਡਿਊਟੀ ਦੌਰਾਨ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋਣ ਸਬੰਧੀ ਲੱਗੀਆਂ ਖ਼ਬਰਾਂ ਦਾ ਨੋਟਿਸ ਲੈਂਦੇ ਹੋਏ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਦੀ ਹੈ, ਜਿੱਥੇ ਤਾਇਨਾਤ ਡਾਕਟਰ ਪੁਨੀਤ ਸਿੰਘ ਨਸ਼ਾ ਕਰ ਰਹੇ ਹਨ ਜਿਸ ਦੀ ਉਥੇ ਮੌਜੂਦ ਇੱਕ ਔਰਤ ਨੇ ਵੀਡੀਓ ਬਣਾਈ, ਇਹ ਪੱਕੀ ਪੁਸ਼ਟੀ ਨਹੀਂ ਕਿ ਇਹ ਵੀਡੀਓ ਕਿਸ ਸਮੇਂ ਦੀ ਹੈ ਪ੍ਰੰਤੂ ਇਹ ਵਾਇਰਲ ਹੁਣ ਹੋ ਰਹੀ ਹੈ ਜਿਸ ਦਾ ਨੋਟਿਸ ਲੈਂਦੇ ਹੋਏ ਸਿਹਤ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਵੀਡੀਓ ਵਿੱਚ ਡਾਕਟਰ ਨਸ਼ੇ ਦਾ ਸੇਵਨ ਕਰਦਾ ਦਿਖਾਈ ਦੇ ਰਿਹਾ ਹੈ। ਇਹ ਮਾਮਲਾ ਸਿਰਫ਼ ਡਾਕਟਰ ਵੱਲੋਂ ਨਸ਼ਾ ਕਰਨ ਦੀ ਵੀਡੀਓ ਤੱਕ ਹੀ ਸੀਮਤ ਨਹੀਂ, ਸਗੋਂ ਵੀਡੀਓ ਬਣਾਉਣ ਵਾਲੀ ਔਰਤ ਨੂੰ ਜਦ ਡਾਕਟਰ ਨੇ ਵੀਡੀਓ ਨਾ ਬਣਾਉਣ ਲਈ ਕਿਹਾ ਤਾਂ ਵੀ ਔਰਤ ਨੇ ਵੀਡੀਓ ਬਣਾਉਣੀ ਜਾਰੀ ਰੱਖੀ ਜਿਸ ਤੋਂ ਬਾਅਦ ਡਾਕਟਰ ਨੇ ਔਰਤ ਦੇ ਥੱਪੜ ਵੀ ਮਾਰਿਆ, ਜਿਸ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਡਾਕਟਰ ਜਬਰਦਸਤੀ ਔਰਤ ਤੋਂ ਮੋਬਾਇਲ ਵੀ ਖੋਹ ਲੈਂਦਾ ਹੈ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਾਰੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਅਧਿਕਾਰੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਕਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੜ੍ਹਤਾਲ ਤੋਂ ਬਾਅਦ ਸੰਬੰਧਿਤ ਡਾਕਟਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੈਰਾਨੀ ਦੀ ਗੱਲ ਹੈ ਕਿ ਜੇਕਰ ਇੱਕ ਹਸਪਤਾਲ ਵਿੱਚ ਡਾਕਟਰ ਹੀ ਸ਼ਰੇਆਮ ਨਸ਼ਾ ਕਰ ਰਹੇ ਹਨ ਤਾਂ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Scroll to Top