ਬਰਨਾਲਾ, 22 ਜੂਨ (ਰਵਿੰਦਰ ਸ਼ਰਮਾ) : ਸ਼ਹਿਰ ਦੇ ਕਚਿਹਰੀ ਚੌਂਕ ਤੋਂ ਆਈਟੀਆਈ ਚੌਂਕ ਵੱਲ ਜਾਂਦੀ ਧਨੌਲਾ ਰੋਡ ਤੇ ਸਥਿਤ ਐਵਰਗਰੀਨ ਕਲੋਨੀ ’ਚ ਰਹਿੰਦੇ ਆਰਟੀਆਈ ਐਕਟੀਵਿਸਟ ਹੀਰਾ ਸਿੰਘ ਅਤੇ ਉਸ ਦੀ ਪਤਨੀ ਨੂੰ ਬੀਤੇ ਦਿਨੀਂ ਸਵੇਰੇ ਕਰੀਬ ਪੌਣੇ ਅੱਠ ਵਜੇ ਕਲੋਨਾਈਜ਼ਰ ਦੇ ਕਥਿਤ ਕਰਿੰਦਿਆਂ/ਰਾਖਿਆਂ ਨੇ ਹੀ ਕਾਰ ਮੂਹਰੇ ਗੰਡਾਸਾ ਲੈ ਕੇ ਘੇਰ ਲਿਆ। ਇਹ ਘਟਨਾ ਦੀ ਬਕਾਇਦਾ ਵੀਡੀਓ ਵੀ ਪੀੜਤਾਂ ਕੋਲ ਹੈ, ਜਿਸ ਵਿੱਚ ਇੱਕ ਲਾਲ ਰੰਗ ਦੀ ਟੀ-ਸ਼ਰਟ ਵਾਲੇ ਵਿਅਕਤੀ ਦੇ ਹੱਥ ਵਿੱਚ ਗੰਡਾਸਾ ਫੜ੍ਹਿਆ ਸਾਫ ਦਿਖਾਈ ਦੇ ਰਿਹਾ ਹੈ। ਆਰਟੀਆਈ ਐਕਟੀਵਿਸਟ ਦੀ ਪਤਨੀ ਸਰਬਜੀਤ ਕੌਰ ਨੇ ਕਲੋਨੀ ਮਾਲਿਕ ਅਸ਼ੋਕ ਕੁਮਾਰ ਅਤੇ ਗੰਡਾਸਾ ਲੈ ਕੇ ਕਾਰ ਤੇ ਹਮਲਾ ਕਰਨ ਵਾਲੇ ਅਣਪਛਾਤੇ ਰਾਖੇ/ਬਾਊਂਸਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ, ਪੁਲਿਸ ਨੂੰ ਸ਼ਕਾਇਤ ਵੀ ਦੇ ਦਿੱਤੀ ਹੈ।
ਇਹ ਹੈ ਮਾਮਲਾ
ਮੀਡੀਆ ਨਾਲ ਗੱਲ ਕਰਦਿਆਂ ਸਰਬਜੀਤ ਕੌਰ ਵਾਸੀ ਐਵਰਗਰੀਨ ਕਲੋਨੀ ਬਰਨਾਲਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰਾਂ ਆਪਣੇ ਪਤੀ ਹੀਰਾ ਸਿੰਘ ਨਾਲ ਕਾਰ ਵਿੱਚ ਦੁੱਧ ਲੈ ਕੇ, ਆਪਣੇ ਘਰ ਵੱਲ ਜਾ ਰਹੀ ਸੀ। ਜਦੋਂ ਉਹ ਗਰੀਨ ਐਵਨਿਊ ਵਿੱਚ ਦੀ ਹੋ ਕੇ ਐਞਰਗਰੀਨ ਕਲੋਨੀ ਨੂੰ ਜਾਣ ਵਾਲੇ ਆਮ ਲਾਂਘੇ ਰਾਹੀਂ ਲੰਘਣ ਲੱਗੇ ਤਾਂ ਕਲੋਨਾਈਜ਼ਰ ਵੱਲੋਂ ਕਥਿਤ ਤੌਰ ’ਤੇ ਗੈਰਕਾਨੂੰਨੀ ਢੰਗ ਨਾਲ ਲਗਾਏ ਗੇਟ ’ਤੇ ਤਾਇਨਾਤ ਦੋ ਜਣਿਆਂ ‘ਚੋਂ ਇੱਕ ਨੌਜਵਾਨ ਨੇ ਉਨਾਂ ਨੂੰ ਗੰਡਾਸਾ ਦਿਖਾਉਂਦਿਆਂ ਜਬਰਦਸਤੀ ਘੇਰ ਲਿਆ। ਜਦੋਂ ਮੁਦਈ ਨੇ ਉਸ ਨੂੰ ਅਜਿਹਾ ਕਰਨ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਕਿਹਾ ਕਿ ਇਹ ਕਲੋਨਾਈਜ਼ਰ ਦਾ ਹੁਕਮ ਹੈ ਕਿ ਇੱਥੋਂ ਤੁਹਾਨੂੰ ਲੰਘਣ ਨਹੀਂ ਦੇਣਾ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਕਲੋਨੀ ਵਾਸੀਆਂ ਦੀ ਰਾਖੀ ਲਈ ਰੱਖੇ ਵਿਅਕਤੀ ਨੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਗੰਡਾਸੇ ਦਾ ਵਾਰ ਉਸ ਵੱਲ ਕੀਤਾ ਤਾਂ ਗੱਡੀ ਚਲਾ ਲੈਣ ਕਾਰਨ ਗੰਡਾਸਾ ਕਾਰ ਦੀ ਅਗਲੀ ਸੀਟ ਦੇ ਥੋੜ੍ਹਾ ਪਿੱਥੇ ਕਾਰ ਤੇ ਲੱਗਿਆ, ਜਿਸ ਨਾਲ ਕਾਰ ਤੇ ਡੈਂਟ ਵੀ ਪੈ ਗਿਆ ਅਤੇ ਅਸੀਂ ਉੱਥੋਂ ਮਸਾਂ ਆਪਣੀ ਜਾਣ ਬਚਾ ਕੇ ਆਪਣੇ ਘਰ ਪਹੁੰਚੇ। ਜੇਕਰ ਅਸੀਂ ਗੱਡੀ ਨਾ ਭਜਾਉਂਦੇ ਤਾਂ ਉਸ ਨੇ ਸਾਨੂੰ ਜਾਨੋਂ ਮਾਰ ਮੁਕਾਉਣਾ ਸੀ। ਉਨਾਂ ਦੋਸ਼ ਲਾਇਆ ਕਿ ਇਹ ਹਮਲਾ ਕਲੋਨਾਈਜ਼ਰ ਅਸ਼ੋਕ ਕੁਮਾਰ ਦੇ ਕਹਿਣ ’ਤੇ ਸਾਜਿਸ਼ ਤਹਿਤ ਕੀਤਾ ਗਿਆ ਹੈ। ਉਨਾਂ ਹਮਲੇ ਦੀ ਵਜ੍ਹਾ ਬਿਆਨ ਕਰਦਿਆਂ ਕਿਹਾ ਕਿ ਮੇਰੇ ਪਤੀ ਹੀਰਾ ਸਿੰਘ ਨੇ ਕਲੋਨੀ ਦੇ ਗੈਰਕਾਨੂੰਨੀ ਕੰਮਾਂ ਸਬੰਧੀ ਆਰਟੀਆਈ ਪਾ ਕੇ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਜਿਸ ਕਾਰਨ ਕਲੋਨਾਈਜ਼ਰ ਉਨ੍ਹਾਂ ਤੋਂ ਖਫਾ ਹੈ ਅਤੇ ਜਾਨੀ ਮਾਲੀ ਨੁਕਸਾਨ ਕਰਵਾਕੇ, ਆਪਣੇ ਖਿਲਾਫ ਉੱਠ ਰਹੀ ਅਵਾਜ ਨੂੰ ਦਬਾਉਣਾ ਚਾਹੁੰਦਾ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਗੁਹਾਰ ਲਾਈ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ,ਸਾਨੂੰ ਇਨਸਾਫ ਦੇ ਕੇ,ਗੁੰਡਾਗਰਦੀ ਨੂੰ ਠੱਲ੍ਹਿਆ ਜਾਵੇ। ਐਸਐਚਓ ਚਰਨਜੀਤ ਸਿੰਘ, ਥਾਣਾ ਸਿਟੀ 2 ਬਰਨਾਲਾ ਨੇ ਘਟਨਾ ਸਬੰਧੀ ਪੁੱਛਣ ’ਤੇ ਸਰਬਜੀਤ ਕੌਰ ਵੱਲੋਂ ਦਿੱਤੀ ਸ਼ਕਾਇਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਤੇ ਤੱਥਾਂ ਦੀ ਘੋਖ ਕਰਕੇ, ਜੋ ਵੀ ਵਿਅਕਤੀ ਦੋਸ਼ੀ ਹੋਇਆ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਕਿਸੇ ਵੀ ਵਿਅਕਤੀ ਨੂੰ ਇਲਾਕੇ ਅੰਦਰ ਦਹਿਸ਼ਤ ਪੈਦਾ ਕਰਨ ਅਤੇ ਅਮਨ ਕਾਨੂੰਨੀ ਨੂੰ ਤੋੜਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।

Posted inਬਰਨਾਲਾ