ਮਹਿਲ ਕਲਾਂ, 23 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਤੋਂ ਮਹਿਲ ਕਲਾਂ ਦੇ ਵਿਚਕਾਰ ਪਿੰਡ ਵਜੀਦਕੇ ਦੇ ਨੇੜੇ ਮੁੱਖ ਸੜਕ ‘ਤੇ ਦੋ ਗੱਡੀਆਂ ਦੀ ਸਿੱਧੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਚ ਦੋਵਾਂ ਗੱਡੀਆਂ ਦੇ ਸਵਾਰ ਸਖ਼ਤ ਜ਼ਖ਼ਮੀ ਹੋ ਗਏ ਤੇ ਇਕ ਲੜਕੀ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਡਿਜ਼ਾਇਰ ਕਾਰ ਲੁਧਿਆਣਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਜੋ ਬਰਨਾਲਾ ਵਾਲੇ ਪਾਸੇ ਤੋਂ ਆ ਰਹੀ ਇੰਡੈਵਰ ਗੱਡੀ ਨਾਲ ਸਿੱਧੀ ਟਕਰਾ ਗਈ। ਲੁਧਿਆਣੇ ਤੋਂ ਆ ਰਹੀ ਕਾਰ ਇੱਕ ਲੜਕੀ ਚਲਾ ਰਹੀ ਸੀ, ਜਿਸ ਦੀ ਹਾਲਤ ਦੂਜੇ ਜ਼ਖ਼ਮੀਆਂ ਨਾਲੋਂ ਜ਼ਿਆਦਾ ਗੰਭੀਰ ਸੀ, ਜਿਸ ਨੂੰ ਐੱਸ.ਐੱਸ.ਐੱਫ਼ ਦੇ ਇੰਚਾਰਜ ਏਐਸਆਈ ਕਰਮ ਸਿੰਘ ਅਤੇ ਟੀਮ ਵੱਲੋਂ ਬਰਨਾਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਲੜਕੀ ਗੁਰਲੀਨ ਕੌਰ ਲੁਧਿਆਣੇ ਦੇ ਦੁੱਗਰੀ ਖੇਤਰ ਦੀ ਦੱਸੀ ਜਾ ਰਹੀ ਹੈ। ਬਰਨਾਲਾ ਤੋਂ ਆ ਰਹੀ ਇੰਡੈਵਰ ਕਾਰ ਵਿੱਚ ਚਾਰ ਜਣੇ ਸਵਾਰ ਸਨ ਜੋ ਗੰਭੀਰ ਜ਼ਖ਼ਮੀ ਹੋ ਗਏ ਹਨ ਜੋ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹਨ। ਦੋਵੇਂ ਗੱਡੀਆਂ ਦੀ ਟੱਕਰ ਐਨੀ ਜ਼ਬਰਦਸਤ ਸੀ ਕਿ ਟੱਕਰ ਵਿੱਚ ਮ੍ਰਿਤਕ ਕੁੜੀ ਦੀ ਡਿਜ਼ਾਇਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

Posted inਬਰਨਾਲਾ