ਪਟਿਆਲਾ, 22 ਫ਼ਰਵਰੀ (ਰਵਿੰਦਰ ਸ਼ਰਮਾ) : ਪਟਿਆਲਾ ਦੇ ਸ਼ੀਸ਼ ਮਹਿਲ ’ਚ ਸਰਸ ਮੇਲਾ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਲ ਵਲੋਂ ਇਸ ਮੇਲੇ ’ਚ ਸ਼ੁੱਕਰਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਸ਼ੋਅ ਕਰਵਾਇਆ ਗਿਆ। ਪ੍ਰਸਿੱਧ ਗਾਇਕ ਦੇ ਸ਼ੋਅ ’ਤੇ ਵੱਡੀ ਗਿਣਤੀ ’ਚ ਲੋਕਾਂ ਦਾ ਪੁੱਜਣਾ ਸੁਭਾਵਿਕ ਸੀ। ਇਸ ਦੌਰਾਨ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਸ਼ੋਅ ਦੇਖਣ ਆਏ ਦਰਸ਼ਕਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਟਿਕਟਾਂ ਤਾਂ ਵੇਚ ਦਿੱਤੀਆਂ ਪਰ ਅੰਦਰ ਦਾਖ਼ਲ ਹੋਣ ਲਈ ਐਂਟਰੀ ਬੰਦ ਕਰ ਦਿੱਤੀ। ਇਸ ਦੌਰਾਨ ਕੁਝ ਨੌਜਵਾਨਾਂ ਦੇ ਮੋਬਾਈਲ ਵੀ ਟੁੱਟੇ ਤੇ ਇੱਕ ਨੌਜਵਾਨ ਦਾ ਕਹਿਣਾ ਸੀ ਕਿ ਪੁਲਿਸ ਮੋਬਾਈਲ ਆਪਣੇ ਨਾਲ ਲੈ ਗਈ, ਜਿਸਨੂੰ ਲੈਣ ਲਈ ਨੌਜਵਾਨ ਸ਼ਨਿੱਚਰਵਾਰ ਨੂੰ ਸਾਰਾ ਦਿਨ ਪੁਲਿਸ ਸਟੇਸ਼ਨਾਂ ਦੇ ਗੇੜੇ ਲਗਾਉਂਦਾ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਟਨਾ ਸਬੰਧੀ ਪੁਲਿਸ ਤੋਂ ਲਿਖਤੀ ਮੰਗਿਆ ਗਿਆ ਹੈ ਜਦੋਂ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਭੀੜ ਬੇਕਾਬੂ ਹੋ ਰਹੀ ਸੀ।
ਜਾਣਕਾਰੀ ਅਨੁਸਾਰ ਜਦੋਂ ਸ਼ੀਸ ਮਹਿਲ ’ਚ ਰਣਜੀਤ ਬਾਵਾ ਦਾ ਸ਼ੋਅ ਚੱਲ ਰਿਹਾ ਸੀ ਤਾਂ ਇਸ ਦੌਰਾਨ ਲੋਕ ਸ਼ੀਸ ਮਹਿਲ ਦੇ ਗੇਟ ਦੇ ਬਾਹਰ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕ ਟਿਕਟਾਂ ਲੈ ਕੇ ਅੰਦਰ ਦਾਖ਼ਲ ਹੋਣ ਦੀ ਮੰਗ ਕਰ ਰਹੇ ਸਨ ਪਰ ਅੰਦਰ ਐਂਟਰੀ ਨਹੀਂ ਦਿੱਤੀ ਗਈ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ 100 ਰੁਪਏ ਦੀ ਟਿੱਕਟ ਤਾਂ ਵੇਚ ਦਿੱਤੀ ਪਰ ਹੁਣ ਨਾ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਤੇ ਨਾ ਹੀ ਟਿਕਟਾ ਦੇ ਪੈਸੇ ਰਿਫੰਡ ਕੀਤੇ ਜਾ ਰਹੇ ਹਨ। ਇਸ ਸਬੰਧੀ ਕਈ ਵੀਡੀਓਜ਼ ਵੀ ਸ਼ੋਸਲ ਮੀਡੀਆ ’ਤੇ ਵਾਇਰਲ ਹੋਈਆਂ, ਜਿਨ੍ਹਾਂ ’ਚ ਲੋਕ ਪ੍ਰਸਾਸ਼ਨ ’ਤੇ ਧੱਕਾ ਕਰਨ ਦਾ ਦੋਸ਼ ਲਗਾ ਰਹੇ ਹਨ। ਮਾਮਲੇ ਸਬੰਧੀ ਡੀਐੱਸਪੀ ਸਤਨਾਮ ਸਿੰਘ ਨੇ ਆਖਿਆ ਕਿ ਮੇਲੇ ਦੇ ਅੰਦਰੋਂ ਸੂਚਨਾ ਆਈ ਸੀ ਕਿ ਭੀੜ ਕੰਟਰੋਲ ਤੋਂ ਬਾਹਰ ਹੋ ਕੇ ਹੱਲਾ-ਗੁੱਲਾ ਕਰ ਰਹੀ ਹੈ ਅਤੇ ਬਾਹਰ ਵੀ ਹਾਲਾਤ ਖਰਾਬ ਹੋਣ ਦੇ ਆਸਾਰ ਸਨ, ਜਿਸ ਕਾਰਨ ਸਥਿਤੀ ਦੇ ਮੱਦੇਨਜ਼ਰ ਦਾਖਲਾ ਰੋਕਣਾ ਪਿਆ ਸੀ। ਮੋਬਾਈਲ ਟੁੱਟਣ ਜਾਂ ਪੁਲਿਸ ਵਾਲਿਆਂ ਵੱਲੋਂ ਖੋਹੇ ਜਾਣ ਬਾਰੇ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਆਈ ਅਤੇ ਨਾ ਹੀ ਅਜਿਹਾ ਹੋਇਆ ਹੈ। ਮਾਮਲੇ ਸਬੰਧੀ ਸਰਸ ਮੇਲੇ ਦੀ ਨੋਡਲ ਅਫਸਰ ਏਡੀਸੀ (ਡੀ) ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਤੇ ਪੁਲਿਸ ਤੋਂ ਇਸ ਸਬੰਧੀ ਲਿਖਤੀ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜ੍ਹਤਾਲ ਕਰਵਾਈ ਜਾਵੇਗੀ ਕਿ ਅਜਿਹਾ ਕਿਉਂ ਹੋਇਆ ਹੈ।