ਵਰਚੁਅਲ ਉਦਘਾਟਨ 27 ਜੁਲਾਈ ਨੂੰ ਹੋਣਾ ਸੀ, ਪਰ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲੀ
ਕਾਰਨ : ਪ੍ਰਧਾਨ ਮੰਤਰੀ ਬਿਹਾਰ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ
ਲੁਧਿਆਣਾ/ ਹਲਵਾਰਾ, 24 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਦਾ ਦਿਲ ਆਖੇ ਜਾਦੇ ਮਹਾਨਗਰ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਰਾਏਕੋਟ ਰੋਡ ਕਸਬੇ ਹਲਵਾਰਾ ਦੇ ਪਿੰਡ ਐਂਤੀਆਣਾ ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਜਾਣਾ ਸੀ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਨੇ ਵੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ ਹੁਣ ਇਹ ਉਦਘਾਟਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਜ਼ਿਲ੍ਹਾ ਪ੍ਰਸ਼ਾਸ਼ਨ ਅਜੇ ਵੀ ਉਦਘਾਟਨ ਦੀ ਉਡੀਕ ਕਰ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ
ਸੂਤਰਾਂ ਅਨੁਸਾਰ ਉਦਘਾਟਨ ਮੁਲਤਵੀ ਕਰਨ ਦਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਹਾਰ ਚੋਣਾਂ ਲਈ ਪ੍ਰਚਾਰ ਵਿੱਚ ਰੁੱਝਿਆ ਹੋਣਾ ਹੋ ਸਕਦਾ ਹੈ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅਜੇ ਤੱਕ ਹਵਾਈ ਅੱਡੇ ਦੇ ਉਦਘਾਟਨ ਲਈ ਰਸਮੀ ਪ੍ਰਵਾਨਗੀ ਨਹੀਂ ਦਿੱਤੀ।
ਇਸ ਵੇਲੇ ਉਦਘਾਟਨ ਦੀ ਕੋਈ ਤਾਰੀਖ਼ ਨਿਰਧਾਰਤ ਨਹੀਂ
ਐਮਪੀ ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਗੱਲ ਕੀਤੀ ਹੈ, ਪਰ ਫਿਲਹਾਲ ਉਦਘਾਟਨ ਦੀ ਕੋਈ ਨਿਸ਼ਚਿਤ ਮਿਤੀ ਨਹੀਂ ਹੈ। ਨਿਯਮਾਂ ਅਨੁਸਾਰ, ਪ੍ਰਧਾਨ ਮੰਤਰੀ ਦੇ ਉਦਘਾਟਨ ਪ੍ਰੋਗਰਾਮ ਤੋਂ ਪਹਿਲਾਂ ਸਾਰੇ ਸਬੰਧਤ ਵਿਭਾਗਾਂ ਨੂੰ ਰਸਮੀ ਜਾਣਕਾਰੀ ਦਿੱਤੀ ਜਾਂਦੀ ਹੈ।
ਹਾਲਾਂਕਿ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੇ 27 ਜੁਲਾਈ ਨੂੰ ਵਰਚੁਅਲ ਉਦਘਾਟਨ ਬਾਰੇ ਜਨਤਕ ਤੌਰ ‘ਤੇ ਗੱਲ ਕੀਤੀ ਸੀ। ਹਵਾਈ ਅੱਡਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਕੇਂਦਰ ਤੋਂ ਨਿਰਦੇਸ਼ ਮਿਲੇ, ਉਨ੍ਹਾਂ ਨੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਹੁਣ ਹਰ ਕੋਈ ਨਵੇਂ ਆਦੇਸ਼ ਅਤੇ ਉਦਘਾਟਨ ਦੀ ਨਵੀਂ ਤਰੀਕ ਦੀ ਉਡੀਕ ਕਰ ਰਿਹਾ ਹੈ।
