ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾ ਮਿਲਣ ਕਾਰਨ ਵਿਧਾਇਕਾ ਤੋਂ ਨਰਾਜ ਵਿਅਕਤੀ ਨੇ ਨਿਗਲਿਆ ਜ਼ਹਿਰ


– ਪਰਿਵਾਰ ਨੇ ਵਿਧਾਇਕ ਦੇ ਨਜਦੀਕੀ ਵਲੋਂ ਪੈਸੇ ਵਾਪਸ ਕਰਨ ਦੀ ਵੀਡੀਓ ਕੀਤੀ ਵਾਇਰਲ

– ਓਪਰੇਟਰਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਵਿਧਾਇਕ ਖਿਲਾਫ ਜੋਰਦਾਰ ਨਾਅਰੇਬਾਜੀ
ਸੰਗਰੂਰ, 27 ਫਰਵਰੀ (ਰਵਿੰਦਰ ਸ਼ਰਮਾ) : ਹਲਕਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਵੱਡਾ ਵਿਵਾਦ ਪੈਦਾ ਹੋਇਆ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਰਕਰ ਵਲੋਂ ਆਪਣੀ ਹੀ ਵਿਧਾਇਕਾ ਤੋਂ ਨਰਾਜ ਹੋ ਕੇ ਜ਼ਹਿਰੀਲੀ ਚੀਜ ਖਾ ਕੇ ਖੁਦਕੁਸੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਆਪ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ’ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਵਿਧਾਇਕਾ ਵਲੋਂ ਸੱਤਾ ਵਿਚ ਆਉਂਦਿਆਂ ਹੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀਆਂ ਚਾਰ ਪਰਚੀਆਂ ਪਾਈਆਂ ਸਨ ਜਿੰਨ੍ਹਾਂ ਵਿਚ ਪਹਿਲਾ ਨਾਮ ਹਰਦੀਪ ਸਿੰਘ ਤੂਰ, ਦੂਸਰਾ ਪ੍ਰਗਟ ਸਿੰਘ ਢਿਲੋਂ, ਤੀਸਰਾ ਗੁਰਪ੍ਰੀਤ ਸਿੰਘ ਫੱਗੂਵਾਲਾ ਜੋ ਲਗਾਤਾਰ ਸਾਲ ਦਰ ਸਾਲ ਪ੍ਰਧਾਨਗੀ ਕਰ ਚੁੱਕੇ ਹਨ ਅਤੇ ਚੌਥਾ ਨਾਮ ਮਨਜੀਤ ਸਿੰਘ ਕਾਕਾ ਫੱਗੂਵਾਲਾ ਦੀ ਸੀ। ਕਾਕਾ ਸਿੰਘ ਫੱਗੂਵਾਲਾ ਨੂੰ ਪਿਛਲੇ ਕਈ ਦਿਨਾਂ ਤੋਂ ਪ੍ਰਧਾਨਗੀ ਲਈ ਲਗਾਤਾਰ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ 9 ਵਜੇ ਜਦੋਂ ਉਸਦੀ ਜਗ੍ਹਾ ਕਿਸੇ ਹੋਰ ਵਿਅਕਤੀ ਨੂੰ ਭਾਰੀ ਪੁਲੀਸ ਫੋਰਸ ਦੀ ਹਾਜਰੀ ਵਿੱਚ ਪ੍ਰਧਾਨ ਥਾਪ ਦਿੱਤਾ ਗਿਆ ਤਾਂ ਨਰਾਜ ਹੋਏ ਕਾਕਾ ਫੱਗੂਵਾਲਾ ਨੇ ਜ਼ਹਿਰ ਨਿਗਲ ਲਿਆ। ਜਿਸਨੂੰ ਪਹਿਲਾਂ ਭਵਾਨੀਗੜ੍ਹ ਦੇ ਪ੍ਰਾਈਵੇਟ ਅਤੇ ਬਾਅਦ ਹਾਲਾਤ ਗੰਭੀਰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਸੂਤਰਾਂ ਅਨੁਸਾਰ ਵਿਧਾਇਕਾ ਵੱਲੋਂ ਪੰਜ ਸਾਲਾਂ ਦੌਰਾਨ ਹਰ ਸਾਲ ਟਰੱਕ ਯੂਨੀਅਨ ਦੇ ਪ੍ਰਧਾਨ ਬਣਨ ਵਾਲਿਆਂ ਤੋਂ 30-30 ਲੱਖ ਦੀ ਰਾਸ਼ੀ ਉਗਰਾਹੀ ਗਈ, ਪਰ ਇਸ ਸਾਲ ਪ੍ਰਧਾਨਗੀ ਦੀ ਚੋਣ ਵੇਲੇ ਕਿਸੇ ਪਰਚੀ ਤੋਂ ਬਾਹਰਲੇ ਪ੍ਰਧਾਨ ਕੋਲੋਂ 55 ਲੱਖ ਦੀ ਰਾਸ਼ੀ ਲੈ ਕੇ, ਇਸ ਸਾਲ ਪ੍ਰਧਾਨ ਬਣਨ ਵਾਲੇ ਮਨਜੀਤ ਸਿੰਘ ਕਾਕਾ ਨੂੰ 30 ਲੱਖ ਦੀ ਰਾਸ਼ੀ ਵਾਪਸ ਕਰ ਦਿੱਤੀ ਗਈ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਜਿਸ ਕਰਕੇ ਮਨਜੀਤ ਸਿੰਘ ਕਾਕਾ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਜ਼ਿੰਮੇਵਾਰ ਸੰਗਰੂਰ ਦੀ ਵਧਾਇਕਾ ਨਰਿੰਦਰ ਕੌਰ ਭਰਾਜ ਹੈ।

ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਨਰਿੰਦਰ ਕੌਰ ਭਰਾਜ ਖਿਲਾਫ਼ ਸਖ਼ਤ ਕਾਰਵਾਈ ਹੋਵੇ ਤੇ ਉਸ ਦੀ ਵਿਧਾਇਕਾ ਵਜੋਂ ਮਾਨਤਾ ਨੂੰ ਰੱਦ ਕੀਤਾ ਜਾਵੇ ਕਿਉਂਕਿ ਪੀੜਤ ਪਰਿਵਾਰ ਵਾਲਿਆਂ ਨੇ ਇਕ ਵੀਡੀਓ ਵਾਇਰਲ ਕੀਤੀ ਹੈ ਜਿਸ ਵਿਚ ਵਿਧਾਇਕਾ ਦਾ ਖਾਸ ਵਿਅਕਤੀ ਕਾਕਾ ਫੱਗੂਵਾਲਾ ਨੂੰ ਵਾਪਸ ਕਰਨ ਆਇਆ ਹੈ ਅਤੇ ਇਹ ਕਹਿ ਰਿਹਾ ਹੈ ਕਿ ਮੈਨੂੰ ਇਸ ਵਿੱਚ ਸ਼ਾਮਲ ਨਾ ਕੀਤਾ ਜਾਵੇ। ਅੱਜ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਟਰੱਕ ਓਪਰੇਟਰਾਂ, ਅਕਾਲੀ, ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਵਲੋਂ ਵਿਧਾਇਕਾ ਖਿਲਾਫ ਨਾਅਰੇਬਾਜੀ ਕਰਦਿਆਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.