– ਸੰਸਦ ਮੈਂਬਰ ਨੇ ਕੰਮ ਕਰਾਇਆ ਸ਼ੁਰੂ; 32 ਹਜ਼ਾਰ ਟਨ ਕੂੜੇ ਦਾ ਹੋਵੇਗਾ ਨਿਬੇੜਾ, ਕਿਸਾਨਾਂ ਦੀ ਸਹੂਲਤਾਂ ਲਈ ਬਣੇਗਾ ਫੜ੍ਹ
– ਕੂੜਾ ਡੰਪ ‘ਚੋਂ ਨਿਕਲੀ ਮਿੱਟੀ ਨੂੰ ਸੜਕੀ ਨਿਰਮਾਣ ਲਈ ਵਰਤਿਆ ਜਾਵੇਗਾ
– ਕਿਹਾ, ਸਦਰ ਬਾਜ਼ਾਰ ਵਿੱਚ ਸੀਵਰ ਪਾਉਣ ਦਾ ਕੰਮ ਸ਼ੁਰੂ, ਸੀਵਰੇਜ ਤੇ ਜਲ ਸਪਲਾਈ ਉੱਪਰ ਸਰਕਾਰ ਵਲੋਂ ਖਰਚੇ ਜਾ ਰਹੇ ਹਨ ਕਰੋੜਾਂ ਰੁਪਏ
ਬਰਨਾਲਾ, 6 ਮਾਰਚ (ਰਵਿੰਦਰ ਸ਼ਰਮਾ) : ਅਨਾਜ ਮੰਡੀ ਬਰਨਾਲਾ ਵਿੱਚ ਬਣੇ ਦਹਾਕਿਆਂ ਪੁਰਾਣੇ ਕੂੜੇ ਡੰਪ ਦਾ 1.14 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਨਾਲ ਨਿਬੇੜਾ ਹੋਵੇਗਾ, ਜਿੱਥੇ ਕਿਸਾਨਾਂ ਦੀ ਸਹੂਲਤ ਲਈ ਫੜ੍ਹ ਬਣੇਗਾ। ਇਸ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਗੰਦਗੀ ਤੋਂ ਛੁਟਕਾਰਾ ਮਿਲੇਗਾ ਉੱਥੇ ਕਿਸਾਨਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਅਨਾਜ ਮੰਡੀ ਬਰਨਾਲਾ ਵਿੱਚ ਕੂੜਾ ਡੰਪ ਦੇ ਨਿਪਟਾਰੇ ਲਈ ਲਗਾਏ ਪ੍ਰੋਜੈਕਟ ਦੇ ਆਗਾਜ਼ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਕੂੜਾ ਡੰਪ ਸ਼ਹਿਰ ਦੀ ਵੱਡੀ ਸਮੱਸਿਆ ਸੀ ਜਿੱਥੇ ਕਰੀਬ 32,127 ਟਨ ਕੂੜਾ ਪਿਆ ਹੈ ਤੇ ਇਸ ਡੰਪ ਨੇ 3 ਏਕੜ ਤੋਂ ਵੱਧ ਜਗ੍ਹਾ ਘੇਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਕੂੜਾ ਡੰਪ ਨੂੰ ਖਤਮ ਕਰਨ ਲਈ ਕਰੀਬ 1 ਕਰੋੜ 14 ਲੱਖ ਰੁਪਏ ਦਾ ਟੈਂਡਰ ਅਲਾਟ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਕੂੜੇ ਨੂੰ ਅਲੱਗ-ਅਲੱਗ ਕੀਤਾ ਜਾਵੇਗਾ। ਇਸ ਵਿਚੋਂ ਪਲਾਸਟਿਕ/ਲਿਫਾਫਿਆਂ ਨੂੰ ਵੱਖ ਵੱਖ ਫੈਕਟਰੀਆਂ ਲਈ ਬਾਲਣ ਵਜੋਂ ਵਰਤਿਆ ਜਾਵੇਗਾ। ਮਿੱਟੀ ਨੂੰ ਸੜਕੀ ਨਿਰਮਾਣ ਵਿੱਚ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਤੋਂ 5 ਮਹੀਨਿਆਂ ਵਿੱਚ ਇਸ ਕੂੜਾ ਡੰਪ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਜਿਸ ਮਗਰੋਂ ਇੱਥੇ ਮਾਰਕੀਟ ਕਮੇਟੀ ਵਲੋਂ ਮਤਾ ਪਾ ਕੇ ਫੜ੍ਹ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਫਸਲੀ ਸੀਜ਼ਨ ਦੌਰਾਨ ਸਹੂਲਤ ਮਿਲ ਸਕੇ।