Posted inਸਿਖਿੱਆ ਬਰਨਾਲਾ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦੇ ਮੈਗਜ਼ੀਨ ‘ਪ੍ਰੇਰਨਾ’ ਦਾ ਚੌਥਾ ਅੰਕ ਰਿਲੀਜ਼ Posted by overwhelmpharma@yahoo.co.in Mar 6, 2025 ਬਰਨਾਲਾ, 6 ਮਾਰਚ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਰਨਾਲਾ ਮਲਕਾ ਰਾਣੀ ਵੱਲੋਂ ਅੱਜ ਮੈਗਜ਼ੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਦੁਆਰਾ ਤਿਆਰ ਕੀਤਾ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦਾ ਸਾਲਾਨਾ ਸਾਹਿਤਕ ਸਕੂਲ ਮੈਗਜ਼ੀਨ ‘ਪ੍ਰੇਰਨਾ’ ਦਾ ਚੌਥਾ ਅੰਕ ਰਿਲੀਜ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਮੈਗਜ਼ੀਨ ਰਿਲੀਜ਼ ਮੌਕੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਨੂੰ ਜੇਕਰ ਸੇਧ ਦੇ ਦਿੱਤੀ ਜਾਵੇ ਤਾਂ ਉਹ ਆਪਣੀਆਂ ਕੁਸ਼ਲਤਾਵਾਂ ਅਤੇ ਕਲਾਵਾਂ ਨੂੰ ਨਿਖਾਰ ਕੇ ਬਹੁਤ ਚੰਗੀਆਂ ਰਚਨਾਵਾਂ ਰਾਹੀਂ ਸਾਹਿਤ ਵਿੱਚ ਉੱਤਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਹਿਤ ਜੀਵਨ ਦੇ ਅਨੁਭਵਾਂ ‘ਚੋਂ ਨਿਕਲਦਾ ਹੈ ਅਤੇ ਇਤਿਹਾਸ ਦੇ ਪੰਨਿਆ ਵਿੱਚ ਪਰੋਇਆ ਜਾਂਦਾ ਹੈ। ਜੇਕਰ ਸਰਕਾਰੀ ਸਕੂਲ ਸਾਹਿਤ ਨਾਲ ਅਜਿਹੀ ਸਾਂਝ ਪਾ ਲੈਣ ਤਾਂ ਮਾਸੂਮ ਬੱਚਿਆਂ ਦੀ ਵਿਚਾਰਧਾਰਾ ਵਿੱਚ ਵੱਡਾ ਬਦਲਾਅ ਲਿਆਦਾਂ ਜਾ ਸਕਦਾ ਹੈ। ਰਿਲੀਜ਼ ਪ੍ਰੋਗਰਾਮ ਮੌਕੇ ਸਕੂਲ ਦੇ ਮੈਗਜ਼ੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਅਤੇ ਸਕੂਲ ਇੰਚਾਰਜ ਚੇਤਵੰਤ ਸਿੰਘ ਨੂੰ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਯਤਨਾਂ ਦੀ ਸ਼ਾਲਾਘਾ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦਾ ਸਾਲਾਨਾ ਮੈਗਜ਼ੀਨ ‘ਪ੍ਰੇਰਨਾ’ ਦਾ ਚੌਥਾ ਅੰਕ ਰਿਲੀਜ਼ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਸਾਬਿਤ ਹੋ ਰਿਹਾ ਹੈ ਕਿ ਸਰਕਾਰੀ ਸਕੂਲ ਵੀ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਾਹਿਤਕ ਖੇਤਰ ਨਾਲ ਜੋੜਣਾ ਵਰਤਮਾਨ ਸਮੇਂ ਦੀ ਵੱਡੀ ਜ਼ਰੂਰਤ ਹੈ ਕਿਉਂਕਿ ਬੱਚਿਆਂ ਅੰਦਰ ਮੌਲਿਕ ਰਚਨਾਵਾਂ ਦੀਆਂ ਕਰੂੰਬਲਾਂ ਫੁੱਟ ਪੈਂਦੀਆਂ ਹਨ ਜੋ ਕਿ ਸਾਡੇ ਸਮਾਜ ਲਈ ਪ੍ਰੇਰਨਾ ਬਣਦੀਆਂ ਹਨ। ਉਨ੍ਹਾਂ ਸਕੂਲ ਦੇ ਉਦਮਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਅਜਿਹੇ ਸਾਹਿਤਕ ਸਕੂਲੀ ਮੈਗਜ਼ੀਨ ਸੁਖਾਵਾਂ ਮਾਹੌਲ ਪੈਦਾ ਕਰਦੇ ਹਨ ਜਿਸ ਨਾਲ਼ ਵਿਦਿਆਰਥੀਆਂ ਵਿੱਚ ਲਾਇਬ੍ਰੇਰੀ ਜਾਣ, ਕਿਤਾਬਾਂ ਪੜ੍ਹਨ ਅਤੇ ਮੌਲਿਕ ਰਚਨਾਵਾਂ ਵੱਲ ਰੁਚਿਤ ਹੋਣ ਦੀ ਖਿੱਚ ਪੈਦਾ ਹੁੰਦੀ ਹੈ। ਉਨ੍ਹਾਂ ਸਕੂਲ ਮੈਗਜ਼ੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਅਤੇ ਸਕੂਲ ਇੰਚਾਰਜ ਚੇਤਵੰਤ ਸਿੰਘ ਨੂੰ ਮੈਗਜ਼ੀਨ ਤਿਆਰ ਕਰਨ ਤੇ ਵਧਾਈ ਦਿੱਤੀ। ਅੰਤ ਵਿੱਚ ਮੈਗਜ਼ੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਨੇ ਕਿਹਾ ਕਿ ਇਸ ਸਾਹਿਤਕ ਮੈਗਜ਼ੀਨ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਰਚਨਾਵਾਂ ਅਤੇ ਸੰਸਥਾ ਦੇ ਚਾਲੂ ਸੈਸ਼ਨ ਦੀਆਂ ਗਤੀਵਿਧੀਆਂ ਨੂੰ ਖੂਬਸੂਰਤ ਤਰੀਕੇ ਨਾਲ ਉਜਾਗਰ ਕੀਤਾ ਹੈ। ਇਸ ਮੌਕੇ ਕੰਪਿਊਟਰ ਟੀਚਰ ਅੰਮ੍ਰਿਤਪਾਲ ਸਿੰਘ,ਅਮਨਦੀਪ ਸਿੰਘ ਅਤੇ ਡਿਪਟੀ ਕਮਿਸ਼ਨਰ ਦਫਤਰ ਦਾ ਸਟਾਫ ਮੌਜੂਦ ਸੀ। Post navigation Previous Post 1.14 ਕਰੋੜ ਦੀ ਲਾਗਤ ਨਾਲ ਅਨਾਜ ਮੰਡੀ ਦਾ ਦਹਾਕਿਆਂ ਪੁਰਾਣਾ ਕੂੜਾ ਡੰਪ ਹੋਵੇਗਾ ਖਤਮ : ਮੀਤ ਹੇਅਰNext Postਮਹਿਲਾ ਟੇਲਰ ਅਤੇ ਬਿਊਟੀ ਪਾਰਲਰ ਦਾ ਮੁਫ਼ਤ ਕੋਰਸ ਕਰਵਾਇਆ