Posted inਬਰਨਾਲਾ ਰਾਜਨੀਤੀ ਬਰਨਾਲਾ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਆਉਣਗੇ 7 ਮਾਰਚ ਨੂੰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਿਹਤ ਸੇਵਾਵਾਂ ’ਤੇ ਚੁੱਕੇ ਸਵਾਲ Posted by overwhelmpharma@yahoo.co.in Mar 6, 2025 ਬਰਨਾਲਾ, 6 ਮਾਰਚ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੀ ਤਰਸਯੋਗ ਹਾਲਤ ਦਾ ਮੁੱਦਾ ਭਖਿਆ ਹੋਇਆ ਹੈ। ਬਰਨਾਲਾ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸ਼ਹਿਰ ਦੇ ਸਿਵਲ ਹਸਪਤਾਲ ਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਸਰਕਾਰੀ ਹਸਪਤਾਲਾਂ ਦੀ ਤਰਸਯੋਗ ਹਾਲਤ ਅਤੇ ਦਵਾਈਆਂ ਦੀ ਘਾਟ ਦੇ ਨਾਲ ਨਾਲ ਜੱਚਾ ਬੱਚਾ ਕੇਂਦਰ ’ਚ ਬੱਚਿਆਂ ਦੀ ਨਰਸਰੀ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਹੋਣ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਸਿਹਤ ਦੇ ਖੇਤਰ ’ਚ ਸੁਧਾਰ ਦੇ ਦਾਅਵੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਹੋਏ ਸਨ। ਬਰਨਾਲਾ ਜ਼ਿਲ੍ਹੇ ਦੀਆਂ ਮਾੜੀਆਂ ਸਿਹਤ ਸੇਵਾਵਾਂ ਦੇ ਸੁਧਾਰ ਲਈ ਆਪਣੇ ਐਕਸ਼ਨ ਮੋਡ ਨੂੰ ਜਾਰੀ ਰੱਖਦੇ ਹੋਏ ਵਿਧਾਇਕ ਕਾਲਾ ਢਿੱਲੋਂ ਨੇ ਕੱਲ੍ਹ ਸ਼ੁੱਕਰਵਾਰ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਬਰਨਾਲਾ ਫੇਰੀ ਮੌਕੇ ਉਮੀਦ ਪ੍ਰਗਟ ਕੀਤੀ ਹੈ ਕਿ ਉਹਨਾਂ ਵੱਲੋਂ ਵਿਧਾਨ ਸਭਾ ’ਚ ਚੁੱਕੇ ਮੁੱਦਿਆਂ ਦਾ ਸਿਹਤ ਮੰਤਰੀ ਹੱਲ ਕੱਢ ਕੇ ਜਾਣਗੇ। ਸਿਹਤ ਮੰਤਰੀ ਦੀ ਬਰਨਾਲਾ ਫੇਰੀ ਤੋਂ ਇੱਕ ਦਿਨ ਪਹਿਲਾਂ ਗੱਲਬਾਤ ਕਰਦੇ ਹੋਏ ਵਿਧਾਇਕ ਕਾਲਾ ਢਿੱਲੋਂ ਨੇ ਮੀਡੀਆ ਰਾਹੀਂ ਸਿਹਤ ਮੰਤਰੀ ਦੇ ਧਿਆਨ ’ਚ ਲਿਆਂਦਾ ਕਿ ਬਰਨਾਲਾ ਜ਼ਿਲ੍ਹੇ ’ਚ ਮੈਡੀਕਲ ਅਫਸਰਾਂ ਦੀਆਂ 93 ’ਚੋਂ 66 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਮੈਡੀਕਲ ਅਫਸਰ (ਸਪੈਸ਼ਲਿਸਟ) ਦੀਆਂ 57 ’ਚੋਂ 24 ਅਸਾਮੀਆਂ ਖਾਲੀ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਮੈਡੀਕਲ ਅਫਸਰ (ਜਨਰਲ) ਦੀਆਂ 93 ਅਸਾਮੀਆਂ ’ਚੋਂ 66 ਖਾਲੀ ਹਨ ਤੇ ਫਾਰਮੇਸੀ ਅਫ਼ਸਰਾਂ ਦੀਆਂ 31 ਅਸਾਮੀਆਂ ’ਚੋਂ 16 ਅਸਾਮੀਆਂ ਖਾਲੀ ਹਨ। ਉਹਨਾਂ ਕਿਹਾ ਕਿ ਸਟਾਫ਼ ਨਰਸਾਂ ਦੀਆਂ 94 ਚੋਂ 41 ਅਸਾਮੀਆਂ ਖਾਲੀ ਹਨ। ਵਿਧਾਇਕ ਢਿੱਲੋਂ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ’ਚ 10 ਟਰੇਂਡ ਦਾਈ ਦੀਆਂ ਪੋਸਟਾਂ ਹਨ, ਪਰ ਉਹ ਸਾਰੀਆਂ ਹੀ ਖਾਲੀ ਹਨ। ਇਸੇ ਤਰ੍ਹਾਂ ਵਾਰਡ ਅਟੈਂਡੈਂਟ ਦੀਆਂ 90 ’ਚੋਂ 54 ਪੋਸਟਾਂ ਖਾਲੀ ਹਨ। ਉਨ੍ਹਾਂ ਕਿਹਾ ਕਿ ਦਰਜਾ ਚਾਰ ਕਰਮਚਾਰੀਆਂ ਜਿਵੇਂ ਸਫਾਈ, ਧੋਬੀ, ਚੌਂਕੀਦਾਰ, ਕੁੱਕ ਦੀਆਂ 82 ਅਸਾਮੀਆਂ ’ਚੋਂ 58 ਅਸਾਮੀਆਂ ਖਾਲੀ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ ਜਿਹੜੀਆਂ ਕਿ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਆਪ ਸਰਕਾਰ ਨੇ ਨਹੀਂ ਭਰੀਆਂ। ਵਿਧਾਇਕ ਢਿੱਲੋਂ ਨੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਉਹ ਸ਼ੁੱਕਰਵਾਰ ਦੇ ਬਰਨਾਲਾ ਦੌਰੇ ਦੌਰਾਨ ਇਨਾਂ ਅਸਾਮੀਆਂ ਨੂੰ ਭਰਨ ਸਬੰਧੀ ਅਜਿਹਾ ਐਲਾਨ ਕਰਕੇ ਜਾਣ ਜਿਸ ‘ਤੇ ਭਰੋਸਾ ਕੀਤਾ ਜਾ ਸਕੇ। ਵਿਧਾਇਕ ਢਿੱਲੋਂ ਨੇ ਸਿਹਤ ਮੰਤਰੀ ਨੂੰ ਯਾਦ ਕਰਵਾਇਆ ਕਿ ਉਹਨਾਂ ਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪੰਜਾਬ ’ਚ ਮੁਹੱਲਾ ਕਲੀਨਿਕ ਖੋਲਣ ਦਾ ਵਾਅਦਾ ਕੀਤਾ ਸੀ। ਜਿਸ ਤੋਂ ਭਾਵ ਹੈ ਕਿ ਹਰ ਮੁਹੱਲੇ ’ਚ ਕਲੀਨਿਕ ਖੋਲੇ ਜਾਣਗੇ, ਪਰ ਜੇਕਰ ਬਰਨਾਲਾ ਜ਼ਿਲ੍ਹੇ ’ਚ ਦੇਖਿਆ ਜਾਵੇ ਤਾਂ ਸਾਰੇ ਜ਼ਿਲ੍ਹੇ ’ਚ ਸਿਰਫ 14 ਮੁਹੱਲਾ ਕਲੀਨਿਕ ਖੋਲੇ ਗਏ ਹਨ, ਜਿਨਾਂ ’ਚੋਂ 11 ਕਲੀਨਿਕਾਂ ਦਾ ਸਿਰਫ਼ ਨਾਮ ਹੀ ਬਦਲਿਆ ਹੈ ਜਿਹੜੇ ਕਿ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਰੂਪ ’ਚ ਚੱਲ ਰਹੇ ਸਨ। ਜਦਕਿ ਆਪ ਸਰਕਾਰ ਨੇ ਸਿਰਫ਼ ਤਿੰਨ ਮੁਹੱਲਾ ਕਲੀਨਿਕ ਪੋਰਟੇਬਲ ਬੂਥਾਂ ’ਚ ਖੋਲੇ ਹਨ। ਵਿਧਾਇਕ ਢਿੱਲੋਂ ਨੇ ਆਸ ਪ੍ਰਗਟ ਕੀਤੀ ਕਿ ਸਿਹਤ ਮੰਤਰੀ ਬਰਨਾਲਾ ਦੇ ਜੱਚਾ ਬੱਚਾ ਕੇਂਦਰ ’ਚ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਬੱਚਿਆਂ ਦੀ ਨਰਸਰੀ ਨੂੰ ਵੀ ਕੱਲ ਚਾਲੂ ਕਰਵਾ ਕੇ ਜਾਣਗੇ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ’ਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਵਾਉਣ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ ਤੇ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣੇਗੀ ਤਾਂ ਆਉਂਦੇ ਵਿਧਾਨ ਸਭਾ ਸੈਸ਼ਨ ਵਿੱਚ ਇਹ ਮੁੱਦਾ ਪੂਰੇ ਜ਼ੋਰ ਸ਼ੋਰ ਨਾਲ ਦੁਬਾਰਾ ਫ਼ਿਰ ਚੁੱਕਿਆ ਜਾਵੇਗਾ। ਵਿਧਾਇਕ ਢਿੱਲੋਂ ਨੇ ਆਸ ਪ੍ਰਗਟਾਈ ਕਿ ਸਿਹਤ ਮੰਤਰੀ ਦਾ ਕੱਲ੍ਹ ਦਾ ਬਰਨਾਲਾ ਦੌਰਾ ਸਿਰਫ਼ “ਫਾਰਮੈਲਿਟੀ ਦੌਰਾ” ਹੀ ਨਹੀਂ ਹੋਵੇਗਾ ਸਗੋਂ ਉਹ ਜ਼ਿਲ੍ਹਾ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਠੋਸ ਕਦਮ ਚੁੱਕਣਗੇ। Post navigation Previous Post ਕੈਂਪ ਵਿੱਚ ਪਸ਼ੂਆਂ ਨਾਲ ਸਬੰਧਤ ਪੁੱਛੇ ਗਏ ਸਵਾਲ, ਸਹੀ ਜਵਾਬ ਦੇਣ ਵਾਲੀਆਂ ਔਰਤਾਂ ਸਨਮਾਨਿਤNext Postਕਰਨ ਔਜਲਾ ਬਣੇ Sony ਇੰਡੀਆ ਆਡੀਓ ਸ਼੍ਰੇਣੀ ਦੇ ਬ੍ਰਾਂਡ ਅੰਬੈਸਡਰ