ਵਿਜੀਲੈਂਸ ਬਿਊਰੋ ਵਲੋਂ 20 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਆਡਿਟ ਇੰਸਪੈਕਟਰ ਕੀਤਾ ਗ੍ਰਿਫ਼ਤਾਰ

ਸੰਗਰੂਰ, 27 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪਟਿਆਲਾ ਦੇ ਰਿਜ਼ਨਲ ਡਿਪਟੀ ਡਾਇਰੈਕਟਰ, ਲੋਕਲ ਫੰਡ ਆਡਿਟ ਦੇ ਦਫ਼ਤਰ ’ਚ ਤਾਇਨਾਤ ਆਡਿਟ ਇੰਸਪੈਕਟਰ ਦਵਿੰਦਰ ਬਾਂਸਲ ਨੂੰ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ’ਚ ਸੰਗਰੂਰ ਜ਼ਿਲ੍ਹੇ ਦੇ ਮੂਨਕ ਬਲਾਕ ਦੇ ਬੀਡੀਪੀਓ ਦਫ਼ਤਰ ’ਚ ਤਾਇਨਾਤ ਮੁਲਜ਼ਮ ਪ੍ਰਿਥਵੀ ਸਿੰਘ (ਪੰਚਾਇਤ ਸਕੱਤਰ) ਨੂੰ ਪਹਿਲਾਂ ਹੀ ਉਕਤ ਆਡਿਟ ਇੰਸਪੈਕਟਰ ਦੇ ਨਾਮ ‘ਤੇ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਾ ਚੁੱਕਾ ਹੈ।

ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦਵਿੰਦਰ ਬਾਂਸਲ ਨੂੰ ਮੂਣਕ ਦੇ ਪਿੰਡ ਮਹਾਂ ਸਿੰਘ ਵਾਲਾ ਦੇ ਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੋਸ਼ ਲਾਇਆ ਕਿ ਉਕਤ ਪੰਚਾਇਤ ਸਕੱਤਰ ਨੇ ਆਪਣੀ ਪਿਛਲੀ ਤਾਇਨਾਤੀ ਦੌਰਾਨ ਪਿੰਡ ਮਹਾਂ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਆਡਿਟ ਕਰਨ ਬਦਲੇ 20,000 ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਅਨੁਸਾਰ ਪੰਚਾਇਤ ਸਕੱਤਰ ਨੇ ਉਸ ਨੂੰ ਦੱਸਿਆ ਸੀ ਕਿ ਰਿਸ਼ਵਤ ਦੀ ਇਹ ਰਕਮ ਅੱਗੇ ਆਡਿਟ ਇੰਸਪੈਕਟਰ ਦਵਿੰਦਰ ਬਾਂਸਲ ਨਾਲ ਸਾਂਝੀ ਕੀਤੀ ਜਾਣੀ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਪੰਚਾਇਤ ਸਕੱਤਰ ਨੂੰ ਪਹਿਲਾਂ ਹੀ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਰਕਮ ਲੈਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਦੂਜਾ ਸਹਿ-ਮੁਲਜ਼ਮ ਆਡਿਟ ਇੰਸਪੈਕਟਰ ਦਵਿੰਦਰ ਬਾਂਸਲ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੱਲ੍ਹ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.