ਟੈਂਡਰ ਠੇਕੇਦਾਰ ਤੇ ਟਰੱਕ ਯੂਨੀਅਨ ਭਦੌੜ ਦੇ ਵਿਅਕਤੀ ਆਪਸ ਵਿੱਚ ਭਿੜੇ

ਦੋਵੇ ਧਿਰਾਂ ਦੇ ਵਿਅਕਤੀ ਸਿਵਲ ਹਸਪਤਾਲ ਭਦੌੜ ਵਿਖੇ ਜੇਰੇ ਇਲਾਜ

 

ਬਰਨਾਲਾ, 27 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦੀ ਅਨਾਜ਼ ਮੰਡੀ ਵਿਖੇ ਵੀਰਵਾਰ ਸਵੇਰੇ ਕਰੀਬ ਸਾਢੇ 6 ਵਜੇ ਦੇ ਸਪੈਸ਼ਲ ਭਰਨ ਨੂੰ ਲੈ ਕੇ ਟੈਂਡਰ ਠੇਕੇਦਾਰ ਤੇ ਟਰੱਕ ਯੂਨੀਅਨ ਸ਼ਹਿਣਾ-ਭਦੌੜ ਦੇ ਵਿਅਕਤੀਆਂ ਦੀ ਆਪਸ ਵਿੱਚ ਲੜਾਈ ਝਗੜਾ ਹੋਣ ਦੌਰਾਨ ਟੈਂਡਰ ਠੇਕੇਦਾਰ ਦੀਆਂ ਗੱਡੀਆਂ ਦੇ ਸ਼ੀਸ਼ਿਆਂ ਦੀ ਭੰਨਤੋੜ ਤੇ ਦੋਵੇ ਧਿਰਾਂ ਦੇ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਪੈਸ਼ਲ ਟੈਂਡਰ ਠੇਕੇਦਾਰ ਮਨਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਧਨੌਲਾ ਨੇ ਕਿਹਾ ਕਿ ਉਸਨੂੰ ਭਦੌੜ ਤੋਂ ਸਪੈਸ਼ਲ ਭਰਨ ਦਾ ਟੈਂਡਰ ਮਿਲਿਆ ਹੋਇਆ ਹੈ ਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਦੋ ਸਪੈਸ਼ਲਾਂ ਭਰੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਸਪੈਸ਼ਲ ਭਰਨੀ ਸੀ, ਜਿਸ ਲਈ ਉਹ ਰਾਤ ਨੂੰ ਹੀ ਸਪੈਸ਼ਲ ਭਰਨ ਦੇ ਲਈ 30 ਗੱਡੀਆਂ ਦੇ ਕਰੀਬ ਅਨਾਜ਼ ਮੰਡੀ ਭਦੌੜ ਵਿਖੇ ਭੇਜ ਦਿੱਤੀਆਂ ਸਨ। ਪਰ ਸਵੇਰੇ ਉਸਨੂੰ ਗੱਡੀਆਂ ਦੇ ਡਰਾਇਵਰ ਰਣਜੀਤ ਸਿੰਘ, ਨਜੀਰ ਮੁਹੰਮਦ ਪੁੱਤਰ ਸ਼ਫੀ ਮੁਹੰਮਦ ਵਾਸੀ ਪਿੰਡ ਚੰਨਣਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੱਕ ਯੂਨੀਅਨ ਸ਼ਹਿਣਾ-ਭਦੌੜ ਦੇ ਵਿਅਕਤੀ ਤਿੰਨ ਗੱਡੀਆਂ, ਮੋਟਰਸਾਇਕਲਾਂ ਤੇ 25-30 ਵਿਅਕਤੀਆਂ ਨੇ ਸਵਾਰ ਹੋ ਕੇ ਜਿੰਨਾਂ ਕੋਲ ਡਾਂਗਾ, ਸੋਟੀਆਂ, ਰਾਡਾਂ ਨਾਲ ਲੈਂਸ ਹੋ ਕੇ ਸਾਡੀਆਂ ਗੱਡੀਆਂ ਤੇ ਵਿਅਕਤੀਆਂ ਤੇ ਹਮਲਾ ਕਰਕੇ ਗੱਡੀਆਂ ਦੇ ਸ਼ੀਸੇ ਵੀ ਭੰਨ ਦਿੱਤੇ ਹਨ। ਜਿਸ ਸਬੰਧੀ ਉਨ੍ਹਾਂ ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ, ਦਵਿੰਦਰ ਸਿੰਘ, ਨਾਇਬ ਦਾਸ ਤੇ ਗੁਰਪ੍ਰੀਤ ਸਿੰਘ ਮੁਨਸ਼ੀ ਤੋਂ ਇਲਾਵਾ 25-30 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਥਾਣਾ ਭਦੌੜ ਵਿਖੇ ਦਰਖਾਸਤ ਦੇ ਦਿੱਤੀ ਹੈ। ਸਿਵਲ ਹਸਪਤਾਲ ਭਦੌੜ ਵਿਖੇ ਜੇਰੇ ਇਲਾਜ਼ ਜਸਦੀਪ ਸਿੰਘ ਪੁੱਤਰ ਮਲਕੀਤ ਸਿੰਘ, ਜਸਪ੍ਰੀਤ ਸਿੰਘ ਜੱਸਾ ਪੁੱਤਰ ਰੂਪ ਸਿੰਘ ਵਾਸੀ ਭਦੌੜ ਨੇ ਦੱਸਿਆ ਕਿ ਸਪੈਸ਼ਲ ਭਰਨ ਦੇ ਲਈ ਗੱਡੀਆਂ ਆਈਆਂ ਹੋਈਆਂ ਸਨ ਤੇ ਉਹ ਉਨ੍ਹਾਂ ਦੇ ਡਰਾਇਵਰਾਂ ਨੂੰ ਕਿਹਾ ਕਿ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਲਈ ਅੱਜ ਉਨ੍ਹਾਂ ਨੂੰ ਸਪੈਸ਼ਲ ਭਰਨ ਦਿੱਤੀ ਜਾਵੇ। ਪਰ ਇੰਨ੍ਹਾਂ ਨੇ ਸਪੈਸ਼ਲ ਤਾਂ ਕੀ ਭਰਨ ਦੇਣੀ ਸੀ। ਸਾਡੇ ’ਤੇ ਹਮਲਾ ਕਰ ਕਰਕੇ ਸਾਨੂੰ ਗੰਭੀਰ ਜਖਮੀ ਕਰ ਦਿੱਤਾ।

ਇਸ ਸਬੰਧੀ ਟਰੱਕ ਯੂਨੀਅਨ ਸ਼ਹਿਣਾ-ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਕਿਹਾ ਕਿ ਜੋ ਟੈਂਡਰ ਠੇਕੇਦਾਰ ਜਾਂ ਉਸ ਦੇ ਡਰਾਇਵਰ ਇਲਜਾਮ ਲਗਾ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਸਵੇਰੇ ਕਰੀਬ 10 ਵਜੇ ਤੱਕ ਆਪਣੇ ਘਰ ਵਿੱਚ ਹੀ ਸੀ। ਜਿਸ ਦੀ ਸੀਸੀਟੀਵੀ ਫੁਟੇਜ਼ ਵੀ ਦੇਖੀ ਜਾ ਸਕਦੀ ਹੈ।
ਇਸ ਸਬੰਧੀ ਥਾਣਾ ਭਦੌੜ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਦੋਵੇ ਧਿਰਾਂ ਦੇ ਵਿਅਕਤੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਹਨ। ਦੋਵੇ ਧਿਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.