ਗਲਾ ਘੁੱਟ ਕੇ ਕੀਤਾ ਸੀ ਫਰਨੀਚਰ ਕਾਰੋਬਾਰੀ ਦਾ ਕਤਲ

ਲੁਧਿਆਣਾ, 29 ਮਾਰਚ (ਰਵਿੰਦਰ ਸ਼ਰਮਾ) : ਥਾਣਾ ਫੋਕਲ ਪੁਆਇੰਟ ਤੇ ਢੰਡਾਰੀ ਖੁਰਦ ਦੁਰਗਾ ਕਲੋਨੀ ਰੋਡ ’ਤੇ ਫਰਨੀਚਰ ਕਾਰੋਬਾਰੀ ਰਾਮ ਧਨੀ ਦੇ ਕਤਲ ਮਾਮਲੇ ’ਚ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਕਾਰੋਬਾਰੀ ਦਾ ਕਤਲ ਗਲਾ ਘੁੱਟ ਕੇ ਅੰਜਾਮ ਦਿੱਤਾ ਗਿਆ ਸੀ। ਕਾਰੋਬਾਰੀ ਰਾਮ ਧਨੀ ਦਾ 3 ਦਿਨ ਪਹਿਲਾਂ ਦੁਕਾਨ ’ਚੋਂ ਕਤਲ ਮਗਰੋਂ ਖੂਨ ਨਾਲ ਲੱਥ ਪੱਥ ਲਾਸ਼ ਬਰਾਮਦ ਹੋਈ ਸੀ। ਉਕਤ ਵਾਰਦਾਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਵੱਲੋਂ ਲਗਾਤਾਰ ਪ੍ਰਸ਼ਾਸਨ ’ਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਧਰਨੇ ਪ੍ਰਦਰਸ਼ਨ ਕਰ ਕੇ ਦਬਾਅ ਬਣਾਇਆ ਜਾ ਰਿਹਾ ਸੀ। ਕਾਰੋਬਾਰੀ ਰਾਮ ਧਨੀ ਦੇ ਕਤਲ ਮਗਰੋਂ ਪੁਲਿਸ ਵੱਲੋਂ ਵੱਖ-ਵੱਖ ਕੋਣਾਂ ਰਾਹੀਂ ਪੜਤਾਲ ਸ਼ੁਰੂ ਕਰ ਕੇ ਕ੍ਰਾਈਮ ਸੀਨ ਨੂੰ ਕਈ ਵਾਰ ਖੰਗਾਲਿਆ ਗਿਆ ਤੇ ਫੋਰੈਂਸਿਕ ਦੀਆਂ ਟੀਮਾਂ ਸਮੇਤ ਹੋਰ ਜਾਂਚ ਏਜੰਸੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ’ਚ ਪੁਲਿਸ ਨੇ ਕੁਝ ਸ਼ੱਕੀ ਲੋਕਾਂ ਨੂੰ ਜਾਂਚ ਦੇ ਘੇਰੇ ਅੰਦਰ ਲਿਆ ਕੇ ਸ਼ੱਕੀਆਂ ਦਾ ਰਿਕਾਰਡ ਤੇ ਕਾਲ ਡਿਟੇਲਾਂ ਖੰਗਾਲੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਸ਼ੁਰੂਆਤੀ ਪੱਧਰ ’ਤੇ ਪਤਾ ਲੱਗਾ ਕਿ ਮ੍ਰਿਤਕ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ ਤੇ ਕਾਤਲਾਂ ਨੇ ਗਲਾ ਘੁੱਟਣ ਮਗਰੋਂ ਸਿਰ ’ਤੇ ਇੱਟਾਂ ਮਾਰ ਕੇ ਚਿਹਰਾ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ। ਮਾਮਲੇ ਦੀ ਅਗਲੇਰੀ ਪੜਤਾਲ ਲਈ ਮ੍ਰਿਤਕ ਦਾ ਵਿਸਰਾ ਪੜਤਾਲ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.