ਪ੍ਰਯਾਗਰਾਜ : ਪ੍ਰਯਾਗਰਾਜ ‘ਚ ਲੋਕਾਂ ਦੀ ਭਾਰੀ ਭੀੜ ਕਾਰਨ ਸ਼ਹਿਰ ਦੀ ਆਵਾਜਾਈ ਵਿਵਸਥਾ ਪਟੜੀ ਤੋਂ ਉਤਰ ਚੁੱਕੀ ਹੈ। ਸੜਕਾਂ, ਗਲੀਆਂ ਤੇ ਹਾਈਵੇ ਜਾਮ ਹੋ ਗਏ ਹਨ। ਹਾਲਾਤ ਇਹ ਹਨ ਕਿ 300 ਕਿਲੋਮੀਟਰ ਦੂਰ ਕਟਨੀ ‘ਚ ਪੁਲਿਸ ਨੂੰ ਲਾਊਡ ਸਪੀਕਰਾਂ ਰਾਹੀਂ ਸ਼ਰਧਾਲੂਆਂ ਨੂੰ ਅਜੇ ਪ੍ਰਯਾਗਰਾਜ ਨਾ ਜਾਣ ਲਈ ਕਹਿਣਾ ਪੈ ਰਿਹਾ ਹੈ। ਪ੍ਰਯਾਗਰਾਜ ਮਹਾਕੁੰਭ ਅੱਧੇ ਤੋਂ ਵੱਧ ਬੀਤ ਚੁੱਕਿਆ ਹੈ। ਤਿੰਨੇ ਅੰਮ੍ਰਿਤ ਇਸ਼ਨਾਨ ਹੋ ਚੁੱਕੇ ਹਨ। ਪ੍ਰਸ਼ਾਸਨ ਨੂੰ ਉਮੀਦ ਸੀ ਕਿ ਹੁਣ ਸੀਮਤ ਗਿਣਤੀ ‘ਚ ਸ਼ਰਧਾਲੂ ਆਉਣਗੇ ਪਰ ਪਿਛਲੇ 3 ਦਿਨਾਂ ਤੋਂ ਇਕੱਠੀ ਹੋਈ ਭੀੜ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਯਾਗਰਾਜ ਸ਼ਹਿਰ ਤੱਕ ਪਹੁੰਚਣ ਲਈ 7 ਰਸਤੇ ਹਨ, ਇਨ੍ਹਾਂ ਸਾਰਿਆਂ ‘ਤੇ ਭਾਰੀ ਟ੍ਰੈਫਿਕ ਜਾਮ ਹੈ।
ਲਖਨਊ-ਅਯੁੱਧਿਆ-ਪ੍ਰਤਾਪਗੜ੍ਹ ਵਾਲੇ ਪਾਸੇ ਤੋਂ ਆਉਣ ਵਾਲੀਆਂ ਗੱਡੀਆਂ ਮਲਾਕਾ ਤੋਂ ਸ਼ਹਿਰ ’ਚ ਦਾਖਲ ਹੁੰਦੀਆਂ ਹਨ। ਉਨ੍ਹਾਂ ਦੀ ਪਾਰਕਿੰਗ ਬੇਲਾ ਕੱਚਰ ’ਚ ਬਣਾਈ ਗਈ ਹੈ। ਮੌਜੂਦਾ ਸਥਿਤੀ ਇਹ ਹੈ ਕਿ ਪਿਛਲੇ 24 ਘੰਟਿਆਂ ’ਚ ਮਲਾਕਾ ਤੇ ਇਸ ਦੇ ਆਲੇ-ਦੁਆਲੇ ਦੇ 20 ਕਿਲੋਮੀਟਰ ਦੇ ਪੂਰੇ ਖੇਤਰ ’ਚ ਭਾਰੀ ਟ੍ਰੈਫਿਕ ਜਾਮ ਹੈ। ਅਯੁੱਧਿਆ ਨੇੜੇ ਗੋਂਡਾ ਜ਼ਿਲੇ ਦੀ ਰਹਿਣ ਵਾਲੀ ਸੀਮਾ ਸ਼ਨਿੱਚਰਵਾਰ ਨੂੰ ਸ਼ਾਮ ਸਾਢੇ 7 ਵਜੇ ਆਪਣੀ ਕਾਰ ਤੋਂ ਚੱਲੀ ਸੀ। ਐਤਵਾਰ ਸਵੇਰੇ 11 ਵਜੇ ਵੀ ਉਹ ਸੰਗਮ ਨਹੀਂ ਪਹੁੰਚ ਸਕੀ। ਬੇਲਾ ਕਛਾਰ ’ਚ ਹੀ ਜਾਮ ਵਿਚਕਾਰ ਫਸੀ ਰਹੀ। ਉਸਦਾ ਕਹਿਣਾ ਹੈ ਕਿ ਸਾਨੂੰ ਜਾਮ ਬਾਰੇ ਕੋਈ ਜਾਣਕਾਰੀ ਨਹੀਂ ਸੀ, ਅਸੀਂ ਸਿਰਫ਼ ਇਹ ਜਾਣਦੇ ਸੀ ਕਿ ਸਭ ਕੁਝ ਠੀਕ ਹੈ। ਰਾਜਸਥਾਨ ਦੇ ਸੀਕਰ ਜ਼ਿਲ੍ਹੇ ਤੋਂ ਆਏ ਪੰਚਮ ਦਾ ਕਹਿਣਾ ਹੈ ਕਿ ਅਸੀਂ 7 ਫਰਵਰੀ ਨੂੰ ਮਹਾਕੁੰਭ ਲਈ ਰਵਾਨਾ ਹੋਏ ਸੀ। ਅਜੇ ਤੱਕ ਸੰਗਮ ਤੱਕ ਨਹੀਂ ਪਹੁੰਚ ਸਕੇ। ਅੱਗੇ ਵਧਣਾ ਬਹੁਤ ਔਖਾ ਹੈ। ਰਸਤੇ ’ਚ ਖਾਣ-ਪੀਣ ਤੇ ਬਾਥਰੂਮਾਂ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੇ ਕਾਨਪੁਰ ਤੋਂ ਆਉਣ ਵਾਲੇ ਵਾਹਨਾਂ ਨੂੰ ਨਹਿਰੂ ਪਾਰਕ ਵਾਲੇ ਪਾਸੇ ਰੋਕਿਆ ਜਾ ਰਿਹਾ ਹੈ। ਇੱਥੇ ਰਾਜਸਥਾਨ ਦੇ ਦੀਂਗ ਤੋਂ ਆਏ ਮਨੋਜ ਜੈਨ ਦਾ ਕਹਿਣਾ ਹੈ ਕਿ ਪਹਿਲਾਂ ਸਾਨੂੰ ਕਾਨਪੁਰ ’ਚ ਹੀ ਰੋਕਿਆ ਗਿਆ। ਡੇਢ ਘੰਟਾ ਇੰਤਜ਼ਾਰ ਕੀਤਾ। ਫਿਰ ਅੱਗੇ ਜਾਣ ਦਿੱਤਾ ਗਿਆ। ਜਦੋਂ ਅਸੀਂ ਪ੍ਰਯਾਗਰਾਜ ਵਿੱਚ ਦਾਖਲ ਹੋਏ, ਤਾਂ ਸਾਨੂੰ ਸਿਰਫ਼ 4 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਿੱਚ 6 ਘੰਟੇ ਲੱਗੇ। ਕਾਰ ਨਹਿਰੂ ਪਾਰਕ ਵਿੱਚ ਖੜ੍ਹਾਈ ਗਈ। ਉਸ ਤੋਂ ਬਾਅਦ ਅਸੀਂ ਸਾਰੇ ਉਥੋਂ 10-12 ਕਿਲੋਮੀਟਰ ਪੈਦਲ ਚੱਲ ਕੇ ਸੰਗਮ ਪਹੁੰਚੇ।
ਰੀਵਾ-ਪ੍ਰਯਾਗਰਾਜ ਰੋਡ ‘ਤੇ 50 ਕਿਲੋਮੀਟਰ ਤੱਕ ਜਾਮ ਲੱਗਾ ਹੋਇਆ ਹੈ। ਕਰੀਬ 20 ਕਿਲੋਮੀਟਰ ਤੱਕ ਸੜਕ ਜਾਮ ਹੈ। ਮੁੰਬਈ ਤੇ ਮੱਧ ਪ੍ਰਦੇਸ਼ ਤੋਂ ਗੱਡੀਆਂ ਵੀ ਇਸ ਮਾਰਗ ਰਾਹੀਂ ਆ ਰਹੀਆਂ ਹਨ। ਮਹਾਰਾਸ਼ਟਰ ਦੇ ਅਮਰਾਵਤੀ ਤੋਂ ਆਈ ਦੀਕਸ਼ਾ ਸਾਹੂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 49 ਘੰਟਿਆਂ ਤੋਂ ਟ੍ਰੈਫਿਕ ਜਾਮ ਦੇ ਵਿਚਕਾਰ ਚੱਲ ਰਹੇ ਹਾਂ।

