ਫ਼ਾਜਿਲਕਾ, 24 ਅਪ੍ਰੈਲ (ਰਵਿੰਦਰ ਸ਼ਰਮਾ) : ਫਾਜ਼ਿਲਕਾ ਦੇ ਪਿੰਡ ਠਗਣੀ ਵਿੱਚ ਨਸ਼ੇੜੀ ਮਾਮੇ ਨੇ ਆਸ਼ਾ ਵਰਕਰ ਨਾਲ ਮਿਲ ਕੇ ਦੋ ਮਹੀਨਿਆਂ ਦੇ ਭਾਂਜੇ ਨੂੰ ਉੱਤਰਾਖੰਡ ਦੇ ਰੁੜਕੀ ਵਿਖੇ ਵੇਚ ਦਿੱਤਾ। ਬੱਚੇ ਦੀ ਮਾਂ ਜੋ ਮਾਨਸਿਕ ਤੌਰ ’ਤੇ ਪਰੇਸ਼ਾਨ ਹੈ, ਆਪਣੇ ਬੇਟੇ ਨੂੰ ਵਾਪਸ ਲਿਆਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਦੇ ਗੇੜੇ ਕੱਢ ਰਹੀ ਹੈ। ਪੀੜਿਤ ਮਾਤਾ ਅਮਰਜੀਤ ਕੌਰ ਦਾ ਦੋਸ਼ ਹੈ ਕਿ ਉਸਨੂੰ ਭਰੋਸੇ ’ਚ ਲਏ ਬਿਨਾਂ ਮਾਮੇ ਨੇ ਆਸ਼ਾ ਵਰਕਰ ਨਾਲ ਮਿਲੀ ਭੁਗਤ ਨਾਲ 10 ਸਾਲਾਂ ਬਾਅਦ ਜਨਮੇ ਪੁੱਤਰ ਨੂੰ ਵੇਚ ਦਿੱਤਾ। ਅਮਰਜੀਤ ਨੇ ਕਿਹਾ ਕਿ ਮੈਨੂੰ 10 ਸਾਲ ਬਾਅਦ ਬੱਚਾ ਹੋਇਆ, ਮੈਂ ਉਸ ਨੂੰ ਕਿਉਂ ਵੇਚਾਂਗੀ। ਜਦੋਂ ਮੈ ਇਸ ਬਾਰੇ ਸਵਾਲ ਕੀਤੇ ਤਾਂ ਮੈਨੂੰ ਮਾਨਸਿਕ ਤੌਰ ’ਤੇ ਅਸਥਿਰ ਕਹਿ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਉਹ ਆਪਣੇ ਬੇਟੇ ਦੀ ਵਾਪਸੀ ਲਈ ਨਾ ਸਿਰਫ ਅਧਿਕਾਰੀਆਂ ਕੋਲ ਮਦਦ ਦੀ ਗੁਹਾਰ ਲਗਾ ਰਹੀ ਹੈ। ਸਗੋਂ ਕਾਨੂੰਨੀ ਕਾਰਵਾਈ ਦੀ ਵੀ ਮੰਗ ਕਰ ਰਹੀ ਹੈ। ਪੀੜਤ ਨੇ ਡਿਪਟੀ ਕਮਿਸ਼ਨਰ ਤੋਂ ਮੁਲਜ਼ਮ ਆਸ਼ਾ ਵਰਕਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਉਸਦੇ ਬੱਚੇ ਨੂੰ ਜਲਦ ਵਾਪਸ ਦਵਾਉਣ ਦੀ ਅਪੀਲ ਕੀਤੀ ਹੈ।

