Posted inਅਪਰਾਧ ਬਰਨਾਲਾ ਬਰਨਾਲਾ ਦੇ ਸਮਾਜਸੇਵੀ ਰਾਕੇਸ਼ ਕੁਮਾਰ ਕਾਕਾ ਸਣੇ 4 ਵਿਅਕਤੀਆਂ ਨੇ ਅਕਾਲੀ ਆਗੂ ਸੋਨੀ ਜਾਗਲ ਨਾਲ ਮਾਰੀ ਕਰੋੜਾਂ ਰੁਪਏ ਦੀ ਠੱਗੀ, ਵੇਚੇ 7 ਪਲਾਟ Posted by overwhelmpharma@yahoo.co.in May 5, 2025 ਬਰਨਾਲਾ, 5 ਮਈ (ਤੁਸ਼ਾਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਐੱਮ.ਸੀ. ਤੇਜਿੰਦਰ ਸਿੰਘ ਸੋਨੀ ਜਾਗਲ ਦੇ ਪਿਤਾ ਦੇ ਜਾਅਲੀ ਦਸਤਖ਼ਤ ਕਰਕੇ ਸਮਾਜਸੇਵੀ ਰਾਕੇਸ਼ ਕੁਮਾਰ ਕਾਕਾ ਵਲੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਸਾਲ 2014 ’ਚ ਖਾਲੀ ਪਏ ਪਲਾਟਾਂ ਦੇ ਮਾਲਕ ਦੀ ਜਾਲੀ ਪਾਵਰ ਆਫ਼ ਅਟਾਰਨੀ ਤਿਆਰ ਕਰ ਉਸ ਦੇ 7 ਪਲਾਟ ਵੇਚ ਦਿੱਤੇ। 2 ਮੁਲਜ਼ਮਾਂ ਨੇ ਤਾਂ ਇੰਨ੍ਹਾਂ ’ਚੋਂ 2 ਪਲਾਟ ਆਪਣੇ ਨਾਮ ਵੀ ਕਰਵਾ ਲਏ। ਜਦੋਂ ਭੇਦ ਖੁੱਲ੍ਹਿਆ ਤਾਂ ਅਸਲ ਮਾਲਕ ਨੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਦਰਖ਼ਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਜਿਸ ’ਤੇ ਪੁਲਿਸ ਨੇ ਅਕਾਲੀ ਆਗੂ ਸੋਨੀ ਜਾਗਲ ਦੇ ਬਿਆਨਾਂ ਦੇ ਆਧਾਰ ’ਤੇ ਰਾਕੇਸ਼ ਕੁਮਾਰ ਕਾਕਾ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਕੇਸ਼ ਕੁਮਾਰ ਕਾਕਾ ਖ਼ਿਲਾਫ਼ ਕੇਸ ਦਰਜ ਹੋਣ ਦੀ ਸ਼ਹਿਰ ਭਰ ’ਚ ਪੂਰੀ ਚਰਚਾ ਹੈ। – ਪਿਤਾ ਦੇ ਜਾਅਲੀ ਦਸਤਖ਼ਤ ਕਰ ਵੇਚੇ ਪਲਾਟ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਸੋਨੀ ਜਾਗਲ ਨੇ ਕਿਹਾ ਕਿ ਪਿਛਲੇ ਮਹੀਨੇ ਅਸੀਂ ਆਪਣੇ ਪਲਾਟਾਂ ’ਚ ਗੇੜਾ ਕੱਢਣ ਗਏ ਸੀ। ਉੱਥੇ ਹੀ ਕੁਝ ਲੋਕਾਂ ਨੇ ਸਾਨੂੰ ਕਿਹਾ ਕਿ ਇਹ ਪਲਾਟ ਤਾਂ ਸਾਡੇ ਹਨ। ਇਸ ਸਬੰਧੀ ਉਨ੍ਹਾਂ ਸਾਨੂੰ ਕਾਗਜ਼ ਵੀ ਦਿਖਾਏ। ਰਾਕੇਸ਼ ਕੁਮਾਰ ਕਾਕਾ ਤੇ ਉਸਦੇ ਸਾਥੀਆਂ ਨੇ ਮੇਰੇ ਪਿਤਾ ਸਵ. ਬਲਵਿੰਦਰ ਸਿੰਘ, ਜਿੰਨ੍ਹਾਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਜਾਅਲੀ ਦਸਤਖ਼ਤ ਕਰ ਪਲਾਟਾਂ ਦੀ ਰਜਿਸਟਰੀ 2014-15 ’ਚ ਉਨ੍ਹਾਂ ਲੋਕਾਂ ਦੇ ਨਾਮ ਕਰਵਾ ਦਿੱਤੀ। ਉਹ ਕਾਗਜ਼ਾਤ ਦੇਖਕੇ ਸਾਡੇ ਪੈਰਾਂ ਹੇਠਿਓਂ ਜ਼ਮੀਨ ਗਈ। ਇਸ ਸਬੰਧੀ ਮੈਂ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਤੇ ਪੁਲਿਸ ਨੇ ਰਾਕੇਸ਼ ਕੁਮਾਰ ਕਾਕਾ ਤੇ ਸਾਥੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। – ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ – ਐੱਸਐੱਚਓ ਇਸ ਸਬੰਧੀ ਥਾਣਾ ਸਿਟੀ 1 ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਹਰਿੰਦਰ ਸਿੰਘ ਤੇ ਤੇਜਿੰਦਰ ਸਿੰਘ ਸੋਨੀ ਜਾਗਲ ਦੇ ਬਿਆਨਾਂ ਦੇ ਆਧਾਰ ’ਤੇ ਰਾਕੇਸ਼ ਕੁਮਾਰ ਕਾਕਾ ਵਾਸੀ ਮਕਾਨ ਨੰਬਰ 9 ਰਾਮਬਾਗ ਰੋਡ ਬਰਨਾਲਾ, ਦਿਨੇਸ਼ ਕੁਮਾਰ ਤੇ ਉਮੇਸ਼ ਕੁਮਾਰ ਵਾਸੀ ਲੱਖੀ ਕਲੋਨੀ ਬਰਨਾਲਾ ਤੇ ਰਮਨ ਕੁਮਾਰ ਵਾਸੀ ਪੰਚਕੂਲਾ ਖ਼ਿਲਾਫ਼ ਆਈ.ਪੀ.ਸੀ. 1860 ਦੀਆਂ ਧਾਰਾਵਾਂ 420, 467, 468, 471 ਤੇ 120-ਬੀ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Post navigation Previous Post ਪੰਜਾਬ ਸਰਕਾਰ ਦਾ ਪਾਣੀ ਦੇ ਮੁੱਦੇ ’ਤੇ ਇਤਿਹਾਸਕ ਪ੍ਰਸਤਾਵ – ਹੁਣ ਅਸੀਂ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਦੇਵਾਂਗੇ!Next Postਪਾਣੀਆਂ ਦੀ ਲੜਾਈ ਲਈ ਪੰਜਾਬ ਦੀ ਭਾਜਪਾ ਲੀਡਰਸ਼ਿਪ ਕੋਈ ਕਸਰ ਨਹੀਂ ਛੱਡੇਗੀ : ਕੈਪਟਨ ਸਿੱਧੂ