ਬਰਨਾਲਾ, 27 ਮਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਢਿੱਲੋ ਨਗਰ ’ਚ ਸਥਿਤ ਮਨਕਾਮੇਸ਼ਵਰ ਬਾਲਾ ਜੀ ਮਹਾਰਾਜ ਜੀ ਬਾਰੇ ਜਿਨਾਂ ਲਿਖਿਆ ਜਾਵੇ ਉਨਾ ਹੀ ਘੱਟ ਹੈ। ਮਧੁਰ ਕਾਰਸ਼ਨੀ ਸੁਆਮੀ ਜਗਦਾਨੰਦ ਜੀ ਮਹਾਰਾਜ ਦੁਵਾਰਾ ਸੰਨ 2006 ’ਚ ਬਾਲਾ ਜੀ ਦਾ ਮੰਦਰ ਆਪਣੇ ਕਰ ਕਮਲਾਂ ਨਾਲ ਬਣਾਇਆ ਗਿਆ। ਇਸ ਮੰਦਰ ’ਚ ਜੋ ਅਖੰਡ ਜੋਤ ਜਗ ਰਹੀ ਹੈ ਉਹ 2006 ਤੋਂ ਸਾਲਾਸਰ ਧਾਮ ਤੋਂ ਮੰਦਰ ’ਚ ਲਿਆਂਦੀ ਗਈ ਸੀ, ਜੋ ਅੱਜ ਤੱਕ ਉਵੇਂ ਹੀ ਚੱਲ ਰਹੀ ਹੈ। ਮੰਦਿਰ ’ਚ ਹਰ ਮੰਗਲਵਾਰ ਨੂੰ ਮੇਲਾ ਭਰਦਾ ਹੈ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਆ ਕੇ ਮੱਥਾ ਟੇਕਦੀਆਂ ਹਨ ਤੇ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਮਧੁਰ ਕਾਰਸ਼ਨੀ ਸੁਆਮੀ ਜਗਦਾਨੰਦ ਮਹਾਰਾਜ ਦੇ ਕਿਰਪਾ ਪਾਤਰ ਸੁਆਮੀ ਚੇਤਨੰਬਾ ਮਹਾਰਾਜ ਨੇ ਦੱਸਿਆ ਕਿ ਫੱਗਣ ਮਹੀਨੇ ਦੀ ਸ਼ੁਕਲਾ ਸਪਤਮੀ ਦੇ ਦਿਨ ਬਾਲਾ ਜੀ ਦਾ ਅਭਿਸ਼ੇਕ ਹੁੰਦਾ ਹੈ ਜੋ ਕਿ ਲਗਾਤਾਰ 8-10 ਦਿਨ ਪ੍ਰੋਗਰਾਮ ਚਲਦਾ ਰਹਿੰਦਾ ਹੈ। ਜਿਸ ’ਚ ਪੰਜਾਬ ਹਰਿਆਣਾ ਤੇ ਰਾਜਸਥਾਨ ਤੋਂ ਸੰਗਤਾਂ ਆਉਂਦੀਆਂ ਹਨ ਤੇ ਬਾਲਾ ਜੀ ਦਾ ਆਸ਼ੀਰਵਾਦ ਲੈਂਦੀਆਂ ਹਨ। ਸੁਆਮੀ ਨੇ ਦੱਸਿਆ ਕਿ ਜਿਸ ਵੀ ਭਗਤ ਦੇ ਮਨ ’ਚ ਜੋ ਵੀ ਇੱਛਾ ਹੁੰਦੀ ਹੈ ਉਹ ਬਾਲਾ ਜੀ ਮਹਾਰਾਜ ਦੇ ਨਾਰੀਅਲ ਬੰਨ੍ਹ ਕੇ ਤੇ ਚਾਰ ਪ੍ਰਕਰਮਾ ਕਰਦਾ ਹੈ ਤਾਂ ਬਾਲਾ ਜੀ ਮਹਾਰਾਜ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੇ ਹਨ।


