ਬਰਨਾਲਾ ’ਚ ਕੂੜੇ ਦਾ ਡੰਪ ਖ਼ਤਮ ਕਰਨ ਦਾ ਕੰਮ ਸ਼ੁਰੂ

ਬਰਨਾਲਾ, 9 ਜੂਨ (ਰਵਿੰਦਰ ਸ਼ਰਮਾ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਬਰਨਾਲਾ ’ਚੋਂ ਕੂੜੇ ਦਾ ਡੰਪ ਖ਼ਤਮ ਕਰਨ ਲਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਹੁਣ ਇਸ ’ਤੇ ਕੰਮ ਸ਼ੁਰੂ ਹੋ ਗਿਆ ਹੈ।  ਕਰੀਬ 20 ਸਾਲਾਂ ਤੋਂ ਹੰਡਿਆਇਆ ਰੋਡ ਨੇੜੇ ਬਣਿਆ ਨਗਰ ਕੌਂਸਲ ਬਰਨਾਲਾ ਦਾ ਕੂੜੇ ਦਾ ਡੰਪ ਹੁਣ ਖ਼ਤਮ ਹੋ ਰਿਹਾ ਹੈ। ਇਸ ਲਈ ਸਰਕਾਰ ਵੱਲੋਂ ਦੋ ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਹੁਣ ਕੂੜੇ ਦਾ ਡੰਪ ਨਹੀਂ ਦਿਖੇਗਾ। ਸ਼ਹਿਰ ਵਿੱਚੋਂ ਹਰ ਰੋਜ਼ 40 ਟਨ ਕੂੜਾ ਬਾਹਰ ਸੁੱਟਿਆ ਜਾਂਦਾ ਹੈ, ਜਿਸ ਦਾ ਪ੍ਰਬੰਧਨ ਕਰ ਲਿਆ ਜਾਵੇਗਾ। ਪੁਰਾਣੇ ਮੁੱਖ ਕੂੜਾ ਡੰਪ ਨੂੰ ਖ਼ਤਮ ਕਰਨ ਲਈ ਬਾਇਓ ਰੀਮੀਡੀਏਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਬਾਇਓ ਰੀਮੀਡੀਏਸ਼ਨ ਪ੍ਰੋਜੈਕਟ ਨਾਲ 20,000 ਮੀਟ੍ਰਿਕ ਟਨ ਦਾ ਇਹ ਕੂੜਾ ਡੰਪ ਖ਼ਤਮ ਹੋ ਜਾਵੇਗਾ। ਇਸ ਤਹਿਤ ਠੋਸ ਕੂੜੇ ਦੀ ਵਰਤੋਂ ਫੈਕਟਰੀਆਂ ਵਿੱਚ ਬਾਲਣ ਲਈ ਕੀਤੀ ਜਾਵੇਗੀ ਅਤੇ ਨੀਵੇਂ ਇਲਾਕਿਆਂ ਵਿੱਚ ਲੋੜ ਅਨੁਸਾਰ ਮਿੱਟੀ ਦੀ ਵਰਤੋਂ ਕੀਤੀ ਜਾਵੇਗੀ। ਇਹ ਪ੍ਰੋਜੈਕਟ ਲਗਭਗ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ, ਜਿਸ ਨਾਲ ਸ਼ਹਿਰ ਦੇ ਸੁੰਦਰੀਕਰਨ ਮੁਹਿੰਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਨਾਜ ਮੰਡੀ ਵਿੱਚ ਕੂੜੇ ਦੇ ਡੰਪ ਨੂੰ 1.41 ਕਰੋੜ ਦੀ ਲਾਗਤ ਨਾਲ ਨਿਪਟਾਉਣ ਲਈ ਪ੍ਰੋਜੈਕਟ ਪਹਿਲਾਂ ਹੀ ਚੱਲ ਰਿਹਾ ਹੈ। ਇਸ ਜਗ੍ਹਾ ‘ਤੇ ਇੱਕ ਮਸ਼ੀਨ ਲਗਾਈ ਗਈ ਹੈ, ਜਿਸ ਵਿੱਚ ਸਾਰਾ ਕੂੜਾ ਕਰੇਨ ਦੀ ਮਦਦ ਨਾਲ ਪਾਇਆ ਜਾਵੇਗਾ। ਇਸ ਮਸ਼ੀਨ ਦੇ ਹੇਠਾਂ ਤੋਂ ਉੱਪਰ ਤੱਕ ਇੱਕ ਮੋਟੀ ਬੈਲਟ ਹੈ, ਜੋ ਕਿ ਵਾਈਬ੍ਰੇਟ ਕਰਦੀ ਹੋਈ ਚੱਲੇਗੀ। ਇਸ ‘ਤੇ ਕੂੜਾ ਪਾਇਆ ਜਾਵੇਗਾ। ਵਾਈਬ੍ਰੇਸ਼ਨ ਨਾਲ ਕੂੜੇ ਵਿੱਚੋਂ ਮਿੱਟੀ ਹੇਠਾਂ ਡਿੱਗੇਗੀ, ਜਿਸ ਨਾਲ ਕੂੜਾ ਹਲਕਾ ਹੋ ਜਾਵੇਗਾ। ਉਸ ਤੋਂ ਬਾਅਦ ਇੱਕ ਹੋਰ ਮਸ਼ੀਨ ਰਾਹੀਂ ਕੂੜੇ ਦੇ ਪਲਾਸਟਿਕ ਨੂੰ ਵੱਖ ਕਰ ਲਿਆ ਜਾਵੇਗਾ। ਮਿੱਟੀ ਦੀ ਵਰਤੋਂ ਵਿਕਾਸ ਕਾਰਜਾਂ ਵਿੱਚ ਕੀਤੀ ਜਾਵੇਗੀ ਅਤੇ ਨਾਲ ਹੀ ਪਲਾਸਟਿਕ ਨੂੰ ਫੈਕਟਰੀਆਂ ਵਿੱਚ ਬਾਲਣ ਵਜੋਂ ਵਰਤਿਆ ਜਾਵੇਗਾ।


– ਸ਼ਹਿਰ ਨੂੰ ਹਰ ਤਰ੍ਹਾਂ ਨਾਲ ਸੁੰਦਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ : ਸੰਸਦ ਮੈਂਬਰ ਮੀਤ ਹੇਅਰ
ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੂੜੇ ਦੇ ਡੰਪ ਤੋਂ ਲੋਕਾਂ ਨੂੰ ਮੁਕਤੀ ਮਿਲੇਗੀ। ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਕੂੜੇ ਦੇ ਡੰਪ ਨੂੰ ਹਟਾਉਣਾ ਸ਼ਹਿਰ ਦੀ ਸੁੰਦਰਤਾ ਲਈ ਜ਼ਰੂਰੀ ਹੈ। ਉਨ੍ਹਾਂ ਦੀ ਸਰਕਾਰ ਵੱਲੋਂ ਜੋ ਵੀ ਕੰਮ ਕੀਤੇ ਜਾ ਰਹੇ ਹਨ, ਉਨ੍ਹਾਂ ਕੰਮਾਂ ਦਾ ਅਸਰ ਲੰਬੇ ਸਮੇਂ ਤੱਕ ਰਹੇਗਾ। ਸ਼ਹਿਰ ਨੂੰ ਹਰ ਤਰ੍ਹਾਂ ਨਾਲ ਸੁੰਦਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.