ਮੁੰਬਈ : ਮੁੰਬਈ ਦੀ ਇੱਕ ਸੈਸ਼ਨ ਅਦਾਲਤ ਨੇ ਕਿਹਾ ਹੈ ਕਿ ਰਾਤ ਦੇ ਸਮੇਂ ਕਿਸੇ ਅਣਜਾਣ ਔਰਤ ਨੂੰ ‘ਤੁਸੀਂ ਪਤਲੇ ਹੋ, ਬਹੁਤ ਸਮਾਰਟ ਤੇ ਗੋਰੇ ਦਿਖਾਈ ਦਿੰਦੇ ਹੋ, ਮੈਨੂੰ ਤੁਸੀਂ ਪਸੰਦ ਹੋ’ ਵਰਗੇ ਸੰਦੇਸ਼ ਭੇਜਣਾ ਅਸ਼ਲੀਲਤਾ ਦੇ ਬਰਾਬਰ ਹੈ। ਜੱਜ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਸੰਦੇਸ਼ ਤੇ ਕਿਰਿਆਵਾਂ ਇੱਕ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦੇ ਬਰਾਬਰ ਹਨ।
ਅਦਾਲਤ ਨੇ ਇਕ ਸਾਬਕਾ ਕੌਂਸਲਰ ਨੂੰ ਵ੍ਹਟਸਐਪ ’ਤੇ ਅਸ਼ਲੀਲ ਸੰਦੇਸ਼ ਭੇਜਣ ਲਈ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਸਜ਼ਾ ਨੂੰ ਕਾਇਮ ਰੱਖਦੇ ਹੋਏ ਇਹ ਟਿੱਪਣੀਆਂ ਕੀਤੀਆਂ। ਅਦਾਲਤ ਨੇ 18 ਫਰਵਰੀ ਦੇ ਆਪਣੇ ਹੁਕਮ ’ਚ ਕਿਹਾ ਕਿ ਅਸ਼ਲੀਲਤਾ ਦਾ ਮੁਲਾਂਕਣ ‘ਸਮਕਾਲੀ ਸਮਾਜਿਕ ਮਾਪਦੰਡਾਂ ਨੂੰ ਲਾਗੂ ਕਰਨ ਵਾਲੇ ਔਸਤ ਵਿਅਕਤੀ’ ਦੇ ਨਜ਼ਰੀਏ ਨਾਲ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਰਾਤ 11 ਵਜੇ ਤੋਂ 12.30 ਵਜੇ ਦੇ ਵਿਚਕਾਰ ‘ਤੁਸੀਂ ਪਤਲੇ ਹੋ’, ‘ਤੁਸੀਂ ਬਹੁਤ ਸਮਾਰਟ ਦਿਖਾਈ ਦਿੰਦੇ ਹੋ’, ‘ਤੁਸੀਂ ਗੋਰੇ ਹੋ’, ‘ਮੇਰੀ ਉਮਰ 40 ਸਾਲ ਹੈ’, ‘ਕੀ ਤੁਸੀਂ ਵਿਆਹੇ ਹੋ ਜਾਂ ਨਹੀਂ?’ ਤੇ ‘ਮੈਨੂੰ ਤੁਸੀਂ ਪਸੰਦ ਹੋ’ ਵਰਗੀ ਸਮੱਗਰੀ ਵਾਲੀਆਂ ਤਸਵੀਰਾਂ ਤੇ ਸੰਦੇਸ਼ ਭੇਜੇ ਗਏ ਸਨ।
ਅਦਾਲਤ ਨੇ ਕਿਹਾ ਕਿ ਕੋਈ ਵੀ ਵਿਆਹੁਤਾ ਔਰਤ ਜਾਂ ਉਸਦਾ ਪਤੀ, ਇਸ ਤਰ੍ਹਾਂ ਦੇ ਵ੍ਹਟਸਐਪ ਸੰਦੇਸ਼ ਤੇ ਅਸ਼ਲੀਲ ਤਸਵੀਰਾਂ ਬਰਦਾਸ਼ਤ ਨਹੀਂ ਕਰੇਗਾ। ਖਾਸ ਕਰਕੇ ਜਦੋਂ ਭੇਜਣ ਵਾਲਾ ਅਤੇ ਸ਼ਿਕਾਇਤਕਰਤਾ ਇੱਕ-ਦੂਜੇ ਨੂੰ ਨਹੀਂ ਜਾਣਦੇ। ਅਦਾਲਤ ਨੇ ਕਿਹਾ, ‘ਮੁਲਜ਼ਮ ਵੱਲੋਂ ਰਿਕਾਰਡ ’ਤੇ ਅਜਿਹਾ ਕੁਝ ਵੀ ਨਹੀਂ ਲਿਆਂਦਾ ਗਿਆ ਕਿ ਉਨ੍ਹਾਂ ਦੇ ਵਿਚਕਾਰ ਕੋਈ ਸਬੰਧ ਸੀ।’ ਜੱਜ ਨੇ ਮੰਨਿਆ ਕਿ ਸੰਦੇਸ਼ ਅਤੇ ਕਿਰਿਆਵਾਂ ਇੱਕ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦੇ ਬਰਾਬਰ ਹਨ। ਇਸ ਤੋਂ ਪਹਿਲਾਂ ਮੁਲਜ਼ਮ ਨੂੰ 2022 ’ਚ ਇੱਥੇ ਇੱਕ ਮੈਜਿਸਟ੍ਰੇਟ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ’ਚ ਉਸਨੇ ਸੈਸ਼ਨ ਅਦਾਲਤ ’ਚ ਫੈਸਲੇ ਨੂੰ ਚੁਣੌਤੀ ਦਿੱਤੀ ਸੀ।