ਗੰਭੀਰ ਜਖ਼ਮੀ ਮਰੀਜ਼ ਨੇ ਇਲਾਜ਼ ਲਈ ਡੇਢ ਘੰਟਾ ਕੱਢੇ ਡਾਕਟਰਾਂ ਦੇ ਤਰਲੇ, ਵੀਡੀਓ ਵਾਇਰਲ

ਫਰੀਦਕੋਟ, 22 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ’ਚ ਅੱਜ ਕੱਲ੍ਹ ਇਕ ਹਸਪਤਾਲ ਦੀ ਵੀਡਿਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਗੰਭੀਰ ਜਖ਼ਮੀ ਮਰੀਜ਼ ਕਾਫ਼ੀ ਸਮਾਂ ਆਪਣੇ ਇਲਾਜ਼ ਲਈ ਡਾਕਟਰਾਂ ਤੇ ਮੈਡੀਕਲ ਸਟਾਫ਼ ਦੇ ਤਰਲੇ ਪਾਉਂਦਾ ਰਿਹਾ, ਪਰ ਉਸ ਦੀ ਕਿਸੇ ਨੇ ਨਹੀਂ ਸੁਣੀ। ਫ਼ਿਰ ਮਰੀਜ਼ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਵੀਡਿਓ ਅਪਲੋਡ ਕੀਤੀ, ਜੋ ਚੰਦ ਕੁ ਮਿੰਟਾਂ ’ਚ ਵਾਇਰਲ ਹੋ ਗਈ। ਜਿਸ ਤੋਂ ਬਾਅਦ ਉਸਦਾ ਇਲਾਜ਼ ਸ਼ੁਰੂ ਹੋਇਆ। ਮਾਮਲਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਹੈ। ਜਿੱਥੇ ਦੇਰ ਰਾਤ ਲਹੂ-ਲੁਹਾਣ ਹਾਲਤ ’ਚ ਇਕ ਵਿਅਕਤੀ ਪੁੱਜਾ। ਜਿਸਦਾ ਇਲਾਜ਼ ਸ਼ੁਰੂ ਨਾ ਹੋਣ ’ਤੇ ਉਸ ਨੇ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾੜੇ ਹਾਲਾਤ ਦੀ ਪੋਲ ਖੋਲ੍ਹਦਿਆਂ ਵੀਡਿਓ ਬਣਾਈ ਤੇ ਵਾਈਰਲ ਕਰ ਦਿੱਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਮਰੀਜ਼ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸਨੇ ਆਪਣਾ ਨਾਮ ਗੁਰਪਾਲ ਸਿੰਘ ਆਗੂ ਕਿਸਾਨ ਮਜ਼ਦੂਰ ਯੂਨੀਅਨ ਦੱਸਦਿਆਂ ਕਿਹਾ ਕਿ ਸ਼ੁੱਕਰਵਾਰ ਸ਼ਾਮ ਉਹ ਪਿੰਡ ਵੱਟੂ ਮਰਾੜ ਵਿਖੇ ਆਪਣੀ ਭਾਣਜੀ ਦੇ ਵਿਆਹ ’ਤੇ ਗਿਆ ਸੀ। ਜਿੱਥੇ ਕੁਝ ਮੁੰਡਿਆਂ ਵੱਲੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਿਨ੍ਹਾਂ ਨੂੰ ਛੁਡਾਉਣ ਲੱਗੇ ਉਸਦੇ ਨੱਕ ’ਤੇ ਤੇਜ਼ਧਾਰ ਹਥਿਆਰ ਵੱਜਿਆ, ਜਿਸ ਨਾਲ ਉਸਦੇ ਨੱਕ ਦੀ ਹੱਡੀ ਟੁੱਟ ਗਈ ਤੇ ਕਾਫੀ ਖੂਨ ਵਗਣ ਲੱਗਾ। ਜਿਸ ਤੋਂ ਬਾਅਦ ਉਸਨੂੰ ਕਰੀਬ 12 ਵਜੇ ਮੈਡੀਕਲ ਹਸਪਤਾਲ ਲੈ ਕੇ ਆਏ, ਪਰ ਇਥੇ ਐਮਰਜੈਂਸੀ ਵਿਭਾਗ ਦੇ ਹਾਲਾਤ ਇੰਨੇ ਮਾੜੇ ਸਨ ਕਿ ਇਥੇ ਡਿਊਟੀ ’ਤੇ ਮੌਜੂਦ ਡਾਕਟਰਾਂ ਵੱਲੋਂ ਕੋਈ ਇਲਾਜ਼ ਨਹੀਂ ਕੀਤਾ ਗਿਆ, ਸਗੋਂ ਦੁਰਵਿਵਾਹਰ ਕੀਤਾ ਗਿਆ। ਜਿਸ ਤੋਂ ਅੱਕ ਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਹੋਇਆ। ਜਿਸ ਤੋਂ ਨਾਰਾਜ਼ ਹੋਕੇ ਮੈਡੀਕਲ ਸਟਾਫ਼ ਨੇ ਇਲਾਜ਼ ਕਰਨ ਦੀ ਬਜਾਏ ਪੁਲਿਸ ਸੱਦ ਲਈ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਉਸ ਨਾਲ ਧੱਕਾਮੁਕੀ ਕਰਦਿਆਂ ਉਸਦਾ ਫੋਨ ਖੋਹ ਲਿਆ ਗਿਆ। ਆਖ਼ਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਇਲਾਜ਼ ਸ਼ੁਰੂ ਕੀਤਾ ਗਿਆ। ਉਸਨੇ ਮੰਗ ਕੀਤੀ ਕਿ ਉਸ ਵੇਲੇ ਤੈਨਾਤ ਸਟਾਫ਼ ਖ਼ਿਲਾਫ਼ ਹਸਪਤਾਲ ਪ੍ਰਸਾਸ਼ਨ ਐਕਸ਼ਨ ਲਏ ਤਾਂ ਜੋ ਹੋਰ ਮਰੀਜ਼ਾਂ ਨੂੰ ਇਸ ਤਰਾਂ ਦੀ ਦਿੱਕਤ ਨਾ ਆਵੇ।

ਮਾਮਲੇ ਸਬੰਧੀ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਨੇ ਕਿਹਾ ਕਿ ਮਰੀਜ਼ ਨੂੰ ਮੈਡੀਕਲ ਐਮਰਜੈਂਸੀ ’ਚ ਆਉਂਦੇ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸਨੂੰ ਪਰਚੀ ਕਟਵਾਉਣ ਲਈ ਕਿਹਾ ਗਿਆ ਸੀ, ਜਿਸ ਲਈ ਉਹ ਆਨਾਕਾਨੀ ਕਰਨ ਲੱਗਾ ਤੇ ਗੁੱਸੇ ’ਚ ਆਕੇ ਡਾਕਟਰ ਤੇ ਸਟਾਫ਼ ਨਾਲ ਗਲਤ ਬੋਲਣ ਲੱਗਾ।  ਉਨ੍ਹਾਂ ਕਿਹਾ ਕਿ ਫਿਰ ਵੀ ਸਾਡੇ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.