Posted inBatala ਅਪਰਾਧ ਵੇਰਕਾ ਪਲਾਂਟ ਦਾ ਸਹਾਇਕ ਮੈਨੇਜਰ 25000 ਦੀ ਵੱਢੀ ਲੈਂਦਾ ਕਾਬੂ Posted by overwhelmpharma@yahoo.co.in Apr 30, 2025 ਬਟਾਲਾ, 30 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਵਿਜੀਲੈਂਸ ਬਿਊਰੋ ਨੇ ਵੇਰਕਾ ਪਸ਼ੂ ਖੁਰਾਕ ਪਲਾਂਟ, ਘਣੀਏ ਕੇ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਸਹਾਇਕ ਮੈਨੇਜਰ (ਕੁਆਲਿਟੀ ਅਸ਼ੋਰੈਂਸ) ਸ਼ਲਿੰਦਰ ਕੁਮਾਰ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਖੁਲਾਸਾ ਕਰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦੇ ਪਰਿਵਾਰ ਦੀ ਫਰਮ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪਲਾਂਟ ਨੂੰ ਕੱਚਾ ਮਾਲ ਸਪਲਾਈ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਸਦਾ ਪੁੱਤਰ 10-12 ਸਾਲਾਂ ਤੋਂ ਵੇਰਕਾ ਕੈਟਲ ਫੀਡ ਪਲਾਂਟ ਨੂੰ ਡੀ-ਆਇਲ ਕੀਤੇ ਚੌਲ ਤੇ ਸਰ੍ਹੋਂ ਦੀ ਸਪਲਾਈ ਕਰ ਰਿਹਾ ਹੈ। ਉਕਤ ਮੁਲਾਜ਼ਮ ਉਨ੍ਹਾਂ ਦੀ ਖੇਪ ਨੂੰ ਪਾਸ ਕਰਨ ਬਦਲੇ ਰਿਸ਼ਵਤ ਮੰਗ ਰਿਹਾ ਹੈ ਅਤੇ ਧਮਕੀ ਦਿੱਤੀ ਹੈ ਕਿ ਰੁਪਏ ਨਾ ਦਿੱਤੇ ਤਾਂ ਬੇਬੁਨਿਆਦ ਇਤਰਾਜ਼ ਲਗਾ ਦੇਵੇਗਾ ਅਤੇ ਅੱਗੇ ਤੋਂ ਫਰਮ ਨੂੰ ਟੈਂਡਰਾਂ ’ਚ ਯੋਗ ਹੋਣ ਤੋਂ ਬਲੈਕਲਿਸਟ ਕਰਵਾ ਦੇਵੇਗਾ। 28 ਮਾਰਚ, 2025 ਨੂੰ ਪਲਾਂਟ ਵੱਲੋਂ ਮਿਲੇ ਇੱਕ ਈ-ਮੇਲ ਡਿਮਾਂਡ ਨੋਟਿਸ ਦੇ ਜਵਾਬ ’ਚ ਸ਼ਿਕਾਇਤਕਰਤਾ ਨੇ ਪਲਾਂਟ ਨੂੰ ਕੱਚੇ ਮਾਲ ਨਾਲ ਭਰੇ 6 ਟਰੱਕ ਭੇਜੇ ਸਨ, ਪਰ ਮੁਲਜ਼ਮ ਨੇ ਇਹ ਖੇਪ ਪਾਸ ਕਰਨ ਲਈ ਇਕ ਲੱਖ ਰੁਪਏ ਦੀ ਮੰਗ ਕੀਤੀ, ਪਰ ਸੌਦਾ 75,000 ਰੁਪਏ ’ਚ ਤੈਅ ਹੋ ਗਿਆ ਸੀ, ਜੋ ਤਿੰਨ ਕਿਸ਼ਤਾਂ ’ਚ ਅਦਾ ਕਰਨੇ ਸੀ। ਸਹਾਇਕ ਮੈਨੇਜਰ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 50,000 ਰੁਪਏ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਵਜੋਂ ਲੈ ਚੁੱਕਾ ਸੀ ਅਤੇ ਬਾਕੀ ਰਹਿੰਦੇ 25,000 ਰੁਪਏ ਮੰਗ ਰਿਹਾ ਸੀ। ਸ਼ਿਕਾਇਤ ਦੀ ਤਸਦੀਕ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 25,000 ਰੁਪਏ ਲੈਂਦਿਆਂ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ’ਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੇ ਥਾਣੇ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। Post navigation Previous Post ਪਾਕਿਸਤਾਨ ਦੇ ਸੰਪਰਕ ਵਿੱਚ ਰਹਿਣ ਵਾਲਾ ਮੋਚੀ ਬਠਿੰਡਾ ਤੋਂ ਗ੍ਰਿਫ਼ਤਾਰNext Post31 ਮਈ ਤੱਕ ਚੱਲੇਗੀ ਨਸ਼ਿਆਂ ਖ਼ਿਲਾਫ਼ ਮੁਹਿੰਮ, ਅਸਫਲ ਰਹਿਣ ’ਤੇ SHO’s ਦੀ ਜ਼ਿੰਮੇਵਾਰੀ ਤੈਅ