ਨਾਗਪੁਰ, 1 ਅਪ੍ਰੈਲ (ਰਵਿੰਦਰ ਸ਼ਰਮਾ) : ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਔਰਤ ਨੇ ਆਪਣੇ ਪਤੀ ਦੀਆਂ ਕਰਤੂਤਾਂ ਦਾ ਖੁਲਾਸਾ ਕੀਤਾ, ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ। ਔਰਤ ਨੇ ਆਪਣੇ ਪਤੀ ਦਾ ਵ੍ਹਟਸਐਪ ਹੈਕ ਕਰਕੇ ਉਸ ਨੂੰ ਜੇਲ ਭੇਜਣ ’ਚ ਮਦਦ ਕੀਤੀ। ਦੋਸ਼ੀ ਆਪਣੇ ਆਪ ਨੂੰ ਕੁਵਾਰਾ ਦੱਸ ਕੇ ਔਰਤਾਂ ਤੇ ਕੁੜੀਆਂ ਨੂੰ ਧੋਖਾ ਦੇ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਉਸ ਦੇ ਮੋਬਾਈਲ ਫੋਨ ਤੋਂ ਵੀਡੀਓ, ਫੋਟੋਆਂ ਸਮੇਤ ਗੰਭੀਰ ਸਮੱਗਰੀ ਮਿਲੀ ਹੈ। ਪੁਲਿਸ ਨੇ ਦੁਰਵਿਵਹਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
– ਪਤੀ ਦੀਆਂ ਇੱਛਾਵਾਂ ਤੋਂ ਪਰੇਸ਼ਾਨ ਸੀ ਪਤਨੀ
ਇੱਕ ਰਿਪੋਰਟ ਅਨੁਸਾਰ ਨਾਗਪੁਰ ਦੀ 24 ਸਾਲਾ ਔਰਤ ਆਪਣੇ ਪਤੀ ਦੀਆ ਜਿਨਸੀ ਇੱਛਾਵਾਂ ਤੋਂ ਬਹੁਤ ਪਰੇਸ਼ਾਨ ਸੀ। ਪਤੀ ਉਸ ਨੂੰ ਪੋਰਨ ਵੀਡੀਓ ਦੀ ਤਰ੍ਹਾਂ ਪ੍ਰਦਰਸ਼ਨ ਕਰਨ ਲਈ ਦਬਾਅ ਬਣਾਉਂਦਾ ਸੀ। ਔਰਤ ਇਸ ਤੋਂ ਬਹੁਤ ਪਰੇਸ਼ਾਨ ਰਹੀ ਤੇ ਉਸ ਨੇ ਪੁਲਿਸ ਕੋਲ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹਾਲਾਂਕਿ ਪਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਔਰਤ ਨੇ ਆਪਣੇ ਪਤੀ ਦਾ ਵ੍ਹਟਸਐਪ ਹੈਕ ਕਰਕੇ ਉਸ ਨੂੰ ਜੇਲ ਭੇਜਣ ਦਾ ਫੈਸਲਾ ਕੀਤਾ।
– ਕਈ ਔਰਤਾਂ ਦਾ ਕੀਤਾ ਸ਼ੋਸ਼ਣ
ਔਰਤ ਨੇ ਆਪਣੇ 33 ਸਾਲਾ ਪਤੀ ਅਬਦੁਲ ਸ਼ਰੀਕ ਕੁਰੇਸ਼ੀ ਜਿਸ ਨੂੰ ਸਾਹਿਲ ਵੀ ਕਿਹਾ ਜਾਂਦਾ ਹੈ, ਉਸ ਦਾ ਵ੍ਹਟਸਐਪ ਹੈਕ ਕੀਤਾ। ਔਰਤ ਨੂੰ ਗੰਭੀਰ ਵੀਡੀਓ, ਫੋਟੋਆਂ ਤੇ ਚੈਟ ਮਿਲੀਆਂ। ਕਈ ਔਰਤਾਂ ਨਾਲ ਉਸ ਦੇ ਰਿਸ਼ਤਿਆਂ ਦਾ ਵੀ ਖੁਲਾਸਾ ਹੋਇਆ। ਪਤਨੀ ਨੂੰ ਇਹ ਵੀ ਪਤਾ ਲੱਗਿਆ ਕਿ ਉਹ ਕੁੜੀਆਂ ਨੂੰ ਬਲੈਕਮੇਲ ਵੀ ਕਰਦਾ ਸੀ। ਉਹ ਆਪਣੇ ਆਪ ਨੂੰ ਕੁਵਾਰਾ ਦੱਸਦਾ ਸੀ ਤੇ ਔਰਤਾਂ ਨਾਲ ਵਿਆਹ ਦਾ ਝੂਠਾ ਵਾਅਦਾ ਕਰਦਾ ਸੀ ਤੇ ਉਨ੍ਹਾਂ ਨੂੰ ਮਿਲਣ ਲਈ ਬੁਲਾਉਂਦਾ ਸੀ। ਉੱਥੇ ਲੁਕ ਕੇ ਅਸ਼ਲੀਲ ਵੀਡੀਓ ਬਣਾਉਂਦਾ ਸੀ ਤੇ ਬਾਅਦ ਵਿੱਚ ਇਨ੍ਹਾਂ ਵੀਡੀਓਜ਼ ਦੇ ਆਧਾਰ ’ਤੇ ਬਲੈਕਮੇਲ ਕਰਦਾ ਸੀ।
– ਸਾਰਿਆਂ ਪੀੜਤਾਂ ਨਾਲ ਪਤਨੀ ਨੇ ਕੀਤਾ ਸੰਪਰਕ
ਔਰਤ ਦਾ ਨਿਕਾਹ ਦੋਸ਼ੀ ਨਾਲ 2021 ਵਿੱਚ ਹੋਇਆ ਸੀ ਤੇ ਦੋਹਾਂ ਦੀ 3 ਸਾਲ ਦੀ ਧੀ ਵੀ ਹੈ। ਕੁਰੇਸ਼ੀ ਪਾਨ ਦੀ ਦੁਕਾਨ ਚਲਾਉਂਦਾ ਹੈ। ਮਾਮਲੇ ਦੇ ਖੁਲਾਸੇ ਤੋਂ ਬਾਅਦ ਉਸ ਦੀ ਪਤਨੀ ਨੇ ਸਾਰੀਆਂ ਪੀੜਤ ਔਰਤਾਂ ਨਾਲ ਸੰਪਰਕ ਕੀਤਾ। ਇਨ੍ਹਾਂ ਵਿੱਚੋਂ 19 ਸਾਲਾ ਇੱਕ ਕੁੜੀ ਦੋਸ਼ੀ ਸਾਹਿਲ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਤਿਆਰ ਹੋ ਗਈ। ਕੁੜੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਾਹਿਲ ਸ਼ਰਮਾ ਬਣ ਕੇ ਦਿੱਤਾ ਧੋਖਾ
ਅਬਦੁਲ ਸ਼ਰੀਕ ਕੁਰੇਸ਼ੀ ਨੇ ਪਿਛਲੇ ਸਾਲ ‘ਮਹਾਪ੍ਰਸਾਦ’ ਪ੍ਰੋਗਰਾਮ ਦੌਰਾਨ ਨਾਂ ਬਦਲ ਕੇ 19 ਸਾਲਾ ਕੁੜੀ ਨੂੰ ਆਪਣੇ ਧੋਖੇ ਵਿੱਚ ਫਸਾਇਆ। ਉਸ ਨੇ ਆਪਣੇ ਆਪ ਨੂੰ ਸਾਹਿਲ ਸ਼ਰਮਾ ਦੱਸਿਆ। ਕੁਵਾਰਾ ਦੱਸ ਕੇ ਕੁੜੀ ਨੂੰ ਹੋਟਲਾਂ ਵਿੱਚ ਬੁਲਾਇਆ ਤੇ ਉੱਥੇ ਵਿਆਹ ਦਾ ਵਾਅਦਾ ਕਰਕੇ ਸ਼ੋਸ਼ਣ ਕੀਤਾ।
ਦੋਸ਼ੀ ਨੇ ਕੁੜੀ ਦੀ ਸੋਨੇ ਦੀ ਅੰਗੂਠੀ 30 ਹਜ਼ਾਰ ਰੁਪਏ ਵਿੱਚ ਵੇਚ ਦਿੱਤੀ। ਇਸ ਤੋਂ ਇਲਾਵਾ ਉਸ ਨੇ ਕੁੜੀ ਦੀਆਂ ਅਸ਼ਲੀਲ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦੀ ਧਮਕੀ ਵੀ ਦਿੱਤੀ। ਪਚਪੌਲੀ ਥਾਣੇ ਦੇ ਸੀਨੀਅਰ ਇੰਸਪੈਕਟਰ ਬਾਬੂ ਰਾਓਤ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਿਕਾਇਤ ਦੇ ਆਧਾਰ ‘ਤੇ ਕੁਰੇਸ਼ੀ ਖ਼ਿਲਾਫ਼ ਦੁਰਵਿਵਹਾਰ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।